ਹਾਜੀਪੁਰ-ਮੁਕੇਰੀਆਂ ਮੁੱਖ ਸੜਕ ‘ਤੇ ਟਰੱਕ ਤੇ ਟਰੈਕਟਰ-ਟਰਾਲੀ ਦੀ ਆਹਮੋ-ਸਾਹਮਣੇ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ

ਹਾਜੀਪੁਰ : ਉੱਤਰੀ ਭਾਰਤ ਵਿੱਚ ਛਾਈ ਸੰਘਣੀ ਧੁੰਦ ਹੁਣ ਹਾਦਸਿਆਂ ਦੀ ਵਜ੍ਹਾਂ ਬਣਦੀ ਜਾ ਰਹੀ ਹੈ। ਹਾਜੀਪੁਰ-ਮੁਕੇਰੀਆਂ ਮੁੱਖ ਸੜਕ ‘ਤੇ ਅੱਡਾ ਭਲੋਵਾਲ ਨੇੜੇ ਬੀਤੀ ਰਾਤ ਸੰਘਣੀ ਧੁੰਦ ਕਾਰਨ ਇੱਕ ਟਰੱਕ ਅਤੇ ਟਰੈਕਟਰ-ਟਰਾਲੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਟਰੱਕ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਜਾਣਕਾਰੀ ਦੇ ਅਨੁਸਾਰ, ਸਰੀਏ ਨਾਲ ਲੱਦਿਆ ਟਰੱਕ (ਨੰਬਰ HP-72-3219) ਹਾਜੀਪੁਰ ਤੋਂ ਮੁਕੇਰੀਆਂ ਵੱਲ ਜਾ ਰਿਹਾ ਸੀ। ਅੱਡਾ ਭਲੋਵਾਲ ਕੋਲ ਪਹੁੰਚਦਿਆਂ ਹੀ ਸਾਹਮਣੇ ਤੋਂ ਆ ਰਹੇ ਟਰੈਕਟਰ-ਟਰਾਲੀ ਨਾਲ ਉਸ ਦੀ ਟੱਕਰ ਹੋ ਗਈ। ਟੱਕਰ ਇੰਨੀ ਤੇਜ਼ ਸੀ ਕਿ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ ਟਰੱਕ ਚਾਲਕ ਵਾਹਨ ਦੇ ਅੰਦਰ ਫਸ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਸਖ਼ਤ ਮਿਹਨਤ ਦੇ ਬਾਅਦ ਉਸ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਚਸ਼ਮਦੀਦਾਂ ਦੇ ਅਨੁਸਾਰ, ਸੰਘਣੀ ਧੁੰਦ ਕਾਰਨ ਸੜਕ ‘ਤੇ ਵਿਜ਼ੀਬਿਲਟੀ ਬਹੁਤ ਘੱਟ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।