20 ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਸਮੇਤ ਦੋ ਕਾਬੂ

ਫਿਰੋਜ਼ਪੁਰ : ਐਸ.ਐਸ.ਪੀ. ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਨਸ਼ਾ ਤਸਕਰਾਂ ਅਤੇ ਚੋਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ, ਸਿਟੀ ਪੁਲਿਸ ਸਟੇਸ਼ਨ ਫਿਰੋਜ਼ਪੁਰ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋ ਚੋਰਾਂ ਤੋਂ 20 ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।ਇਸ ਜਾਣਕਾਰੀ ਦਾ ਖੁਲਾਸਾ ਕਰਦਿਆਂ ਸਿਟੀ ਪੁਲਿਸ ਸਟੇਸ਼ਨ ਫਿਰੋਜ਼ਪੁਰ ਦੇ ਐਸ.ਐਚ.ਓ. ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਸਿਟੀ ਪੁਲਿਸ ਸਟੇਸ਼ਨ ਫਿਰੋਜ਼ਪੁਰ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਖਵਿੰਦਰ ਪੁੱਤਰ ਸਤਪਾਲ ਵਾਸੀ ਬਸਤੀ ਸ਼ੇਖਾਵਾਲੀ, ਜੋ ਕਿ ਇਸ ਸਮੇਂ ਅਲੀ ਕੇ ਰੋਡ ਬਸਤੀ ਬਾਗ ਵਾਲੀ ਫਿਰੋਜ਼ਪੁਰ ਸ਼ਹਿਰ ਵਿੱਚ ਰਹਿੰਦਾ ਹੈ ਅਤੇ ਰਣਜੀਤ ਉਰਫ਼ ਗੋਰਾ ਵਾਸੀ ਖਾਲਸਾ ਕਲੋਨੀ ਅਲੀ ਕੇ ਰੋਡ ਫਿਰੋਜ਼ਪੁਰ ਸ਼ਹਿਰ, ਰਾਹਗੀਰਾਂ ਤੋਂ ਮੋਬਾਈਲ ਫੋਨ ਆਦਿ ਖੋਹਦੇ ਹਨ ਅਤੇ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ। ਇਸ ਵੇਲੇ, ਉਹ ਰਾਹਗੀਰਾਂ ਤੋਂ ਖੋਹੇ ਗਏ ਮੋਬਾਈਲ ਫੋਨ ਵੇਚਣ ਲਈ ਟੀ.ਬੀ ਹਸਪਤਾਲ ਫਿਰੋਜ਼ਪੁਰ ਸ਼ਹਿਰ ਦੇ ਪਿੱਛੇ ਗਾਹਕਾਂ ਦੀ ਉਡੀਕ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਗੁਪਤ ਜਾਣਕਾਰੀ ਅਤੇ ਤਕਨੀਕੀ ਸਰੋਤਾਂ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਨਾਮਜ਼ਦ ਚੋਰਾਂ ਅਤੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਸਿਟੀ ਸਰਦਾਰ ਸੁਖਵਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ, ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਸਨੈਚਰਾਂ ਅਤੇ ਲੁਟੇਰਿਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਪੁਲਿਸ ਨੇ ਉਨ੍ਹਾਂ ਦੇ ਇਸ਼ਾਰੇ ‘ਤੇ ਕੁੱਲ 20 ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ।ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇੰਸਪੈਕਟਰ ਕਸ਼ਮੀਰ ਸਿੰਘ ਨੇ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਦੇ ਸਾਰੇ ਚੋਰ, ਲੁਟੇਰੇ ਅਤੇ ਨਸ਼ਾ ਤਸਕਰ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।