ਜਲੰਧਰ ਪੁਲਿਸ ਕਮਿਸ਼ਨਰ ਨੇ ਰਾਤ ਨੂੰ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਸ਼ਖ਼ਤ ਆਦੇਸ਼ ਕੀਤੇ ਜਾਰੀ

ਜਲੰਧਰ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਭਾਰਤੀ ਸਿਵਲ ਸੁਰੱਖਿਆ ਕੋਡ, 2023 ਦੀ ਧਾਰਾ 163 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਜਨਤਕ ਐਮਰਜੈਂਸੀ ਨੂੰ ਛੱਡ ਕੇ, ਸਾਈਲੈਂਸ ਜ਼ੋਨਾਂ ਜਾਂ ਰਿਹਾਇਸ਼ੀ ਖੇਤਰਾਂ ਵਿੱਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹਾਰਨਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਹੈ।ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਹਵਾਲੇ ਤੋਂ ਪੁਲਿਸ ਕਮਿਸ਼ਨਰ ਨੇ ਜਨਤਕ ਥਾਵਾਂ ਦੀਆਂ ਸੀਮਾਵਾਂ ’ਤੇ ਜਿੱਥੇ ਲਾਊਡਸਪੀਕਰਾਂ, ਜਨਤਕ ਸੰਬੋਧਨ ਪ੍ਰਣਾਲੀਆਂ, ਜਾਂ ਕਿਸੇ ਹੋਰ ਆਵਾਜ਼ ਪੈਦਾ ਕਰਨ ਵਾਲੇ ਸਰੋਤ ਦੀ ਆਵਾਜ਼ ਨੂੰ ਖੇਤਰ ਦੀ ਸੀਮਾ ਦੇ ਅੰਦਰ ਸੀਮਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।ਹੁਕਮਾਂ ਦੇ ਅਨੁਸਾਰ, ਕੋਈ ਵੀ ਵਿਅਕਤੀ ਮੈਰਿਜ ਪੈਲੇਸਾਂ ਅਤੇ ਹੋਟਲਾਂ ਵਿੱਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ (ਜਨਤਕ ਐਮਰਜੈਂਸੀ ਨੂੰ ਛੱਡ ਕੇ) ਢੋਲ, ਹਾਰਨ, ਜਾਂ ਕੋਈ ਹੋਰ ਆਵਾਜ਼ ਪੈਦਾ ਕਰਨ ਵਾਲਾ ਯੰਤਰ, ਸਾਊਂਡ ਐਂਪਲੀਫਾਇਰ, ਜਾਂ ਡੀ.ਜੇ. ਆਦਿ ਨਹੀਂ ਵਜਾਏਗਾ। ਇਸੇ ਤਰ੍ਹਾਂ, ਪ੍ਰਾਈਵੇਟ ਸਾਊਂਡ ਸਿਸਟਮ ਜਾਂ ਆਵਾਜ਼ ਪੈਦਾ ਕਰਨ ਵਾਲੇ ਯੰਤਰ ਦਾ ਸ਼ੋਰ ਪੱਧਰ ਨਿੱਜੀ ਜਗ੍ਹਾ ਦੇ ਸੀਮਾ ਖੇਤਰ ਲਈ ਨਿਰਧਾਰਤ ਸ਼ੋਰ ਮਾਪਦੰਡਾਂ ਦੇ 5 ਡੀ.ਬੀ.(A) ਤੋਂ ਵੱਧ ਨਹੀਂ ਹੋਣਾ ਚਾਹੀਦਾ।ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੰਗੀਤ ਪ੍ਰਣਾਲੀਆਂ ਨਾਲ ਲੈਸ ਵਾਹਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੰਗੀਤ ਪ੍ਰਣਾਲੀ ਦੁਆਰਾ ਪੈਦਾ ਕੀਤੀ ਗਈ ਆਵਾਜ਼ ਦਿਨ ਦੇ ਕਿਸੇ ਵੀ ਸਮੇਂ ਵਾਹਨ ਦੇ ਬਾਹਰ ਨਾ ਸੁਣਾਈ ਦੇਵੇ। ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਪਾਈ ਜਾਂਦੀ ਹੈ, ਤਾਂ ਸਾਊਂਡ ਸਿਸਟਮ ਜ਼ਬਤ ਕਰ ਲਿਆ ਜਾਵੇਗਾ। ਇਹ ਹੁਕਮ 8 ਮਾਰਚ, 2026 ਤੱਕ ਲਾਗੂ ਰਹੇਗਾ।