ਅੰਮ੍ਰਿਤਸਰ ਦੇ ਖਾਸਾ ਪਿੰਡ ‘ਚ ਚੋਣਾਂ ਰੱਦ , ਇਲਾਕੇ ‘ਚ ਫੈਲਿਆ ਤਣਾਅ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਅਟਾਰੀ ਵਿਧਾਨ ਸਭਾ ਹਲਕੇ ਦੇ ਖਾਸਾ ਪਿੰਡ ਵਿੱਚ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦ ਖੜ੍ਹਾ ਹੋ ਗਿਆ। ਆਮ ਆਦਮੀ ਪਾਰਟੀ ਦੀ ਉਮੀਦਵਾਰ ਨੇ ਚੋਣ ਅਧਿਕਾਰੀਆਂ ‘ਤੇ ਇਲਾਕੇ ਦੇ ਆਜ਼ਾਦ ਉਮੀਦਵਾਰਾਂ ਨਾਲ ਮਿਲੀਭੁਗਤ ਦੇ ਗੰਭੀਰ ਦੋਸ਼ ਲਗਾਏ ਹਨ। ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਬੈਲਟ ਪੇਪਰ ‘ਤੇ ਉਨ੍ਹਾਂ ਦੇ ਨਾਮ ਦੇ ਸਾਹਮਣੇ ਛਪਿਆ ਝਾੜੂ ਦਾ ਨਿਸ਼ਾਨ ਹਟਾਕੇ ਤੱਕੜੀ ਦਾ ਨਿਸ਼ਾਨ ਛਾਪਿਆ ਗਿਆ ਸੀ ।ਚਾਰ ਪੋਲਿੰਗ ਬੂਥਾਂ ‘ਤੇ ਛਪਾਈ ਦੀ ਇਸ ਗੰਭੀਰ ਗਲਤੀ ਦਾ ਪਤਾ ਲੱਗਣ ਤੋਂ ਬਾਅਦ, ਚੋਣ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ। ਬਲਾਕ ਕਮੇਟੀ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਪਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਨਿਰਧਾਰਤ ਸਮੇਂ ਅਨੁਸਾਰ ਹੀ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ, ਇਲਾਕੇ ਵਿੱਚ ਤਣਾਅ ਫੈਲ ਗਿਆ ਅਤੇ ਪ੍ਰਸ਼ਾਸਨ ਨੇ ਸਥਿਤੀ ਨੂੰ ਕਾਬੂ ਕਰਨ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ।