ਮੇਅਰ ਕੁੰਦਨ ਗੋਗੀਆ ਨੇ ਅਚਨਚੇਤ ਮੋਆਇਨਾ ਕਰਦਿਆਂ ਕਈ ਠੇਕੇਦਾਰਾਂ ਉੱਪਰ ਅਪਣਾਇਆ ਸਖ਼ਤ ਰੁੱਖ

ਪਟਿਆਲਾ : ਨਗਰ ਨਿਗਮ ਪਟਿਆਲਾ ਦਾ ਵਿਕਾਸ ਕੰਮਾਂ ਵਿੱਚ ਗੁਣਵੱਤਾ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਉਂਦੇ ਹੋਏ ਮੇਅਰ ਕੁੰਦਨ ਗੋਗੀਆ ਨੇ ਅੱਜ ਸ਼ਾਮ ਅਚਨਚੇਤ ਮੋਆਇਨਾ ਕਰਦਿਆਂ ਕਈ ਠੇਕੇਦਾਰਾਂ ਉੱਪਰ ਸਖ਼ਤ ਰੁੱਖ ਅਪਣਾਇਆ। ਮੇਅਰ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੋਈ ਵੀ ਠੇਕੇਦਾਰ ਇਹ ਗਲਤਫ਼ਹਮੀ ਨਾ ਪਾਲੇ ਕਿ ਸ਼ਾਮ 5 ਵਜੇ ਤੋਂ ਬਾਅਦ ਨਿਗਮ ਦੀ ਟੀਮ ਚੈਕਿੰਗ ਲਈ ਨਹੀਂ ਨਿਕਲਦੀ। “ਜਦੋਂ ਵੀ ਲੋੜ ਪਈ, ਰਾਤ 10 ਵਜੇ ਵੀ ਕੰਮਾਂ ਦੀ ਜਾਂਚ ਕੀਤੀ ਜਾਵੇਗੀ।ਮੇਅਰ ਕੁੰਦਨ ਗੋਗੀਆ ਅੱਜ ਨਿਗਮ ਦਫ਼ਤਰ ਦੇ ਨੇੜੇ ਬਣ ਰਹੇ ਫੁੱਟਪਾਥਾਂ ਤੇ ਲੱਗਣ ਵਾਲੀਆਂ ਟਾਈਲਾਂ ਦੇ ਕੰਮ ਅਤੇ ਹੋਰ ਇਲਾਕਿਆਂ ਵਿੱਚ ਚੱਲ ਰਹੇ ਕੰਮਾਂ ਦਾ ਅਚਾਨਕ ਦੌਰਾ ਕਰਨ ਪਹੁੰਚੇ। ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੇ ਟਾਈਲਾਂ ਦੀ ਕੁਆਲਿਟੀ, ਬਿਛਾਈ ਜਾ ਰਹੇ ਰੇਤ–ਮੈਟਰੀਅਲ, ਲੈਵਲਿੰਗ ਤੇ ਹੋਰ ਤਕਨੀਕੀ ਗੱਲਾਂ ਦੀ ਬਾਰਕੀ ਨਾਲ ਜਾਂਚ ਕੀਤੀ। ਜ਼ਮੀਨੀ ਹਾਲਤ ਵੇਖਣ ਤੋਂ ਬਾਅਦ ਮੇਅਰ ਨੇ ਕੰਮ ਕਰਵਾ ਰਹੇ ਠੇਕੇਦਾਰ ਅਤੇ ਜੁੜੇ ਅਧਿਕਾਰੀਆਂ ਨੂੰ ਖਾਸ ਤੌਰ ’ਤੇ ਸਖ਼ਤ ਨਿਰਦੇਸ਼ ਜਾਰੀ ਕੀਤੇ।ਉਨ੍ਹਾਂ ਕਿਹਾ ਕਿ ਨਿਗਮ ਦੇ ਪੈਸੇ ਨਾਲ ਹੋ ਰਹੇ ਕੰਮ ਸ਼ਹਿਰ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨਾਲ ਜੁੜੇ ਹੁੰਦੇ ਹਨ, ਇਸ ਲਈ ਘੱਟ ਗੁਣਵੱਤਾ ਦਾ ਕੰਮ ਅਤੇ ਲਾਪਰਵਾਹੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। “ਸ਼ਹਿਰ ਦੀ ਸੁੰਦਰਤਾ ਸਾਡੀ ਜ਼ਿੰਮੇਵਾਰੀ ਹੈ। ਜਿੱਥੇ ਵੀ ਕਮੀ ਨਜ਼ਰ ਆਈ, ਉਹ ਕੰਮ ਤੁਰੰਤ ਰੋਕਿਆ ਜਾਵੇਗਾ ਅਤੇ ਲਾਪਰਵਾਹ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ,” ਮੇਅਰ ਨੇ ਕਿਹਾ।ਮੇਅਰ ਨੇ ਮੌਕੇ ’ਤੇ ਸਬੰਧਤ ਕਰਮਚਾਰੀਆਂ ਨੂੰ ਵੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਿਗਰਾਨੀ ਕਮਜ਼ੋਰ ਹੋਣ ਦੀ ਸੂਰਤ ਵਿੱਚ ਜ਼ਿੰਮੇਵਾਰੀ ਤਹਿ ਕਰਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿਨ-ਰਾਤ ਚੱਲ ਰਹੇ ਵਿਕਾਸ ਕਾਰਜਾਂ ਦਾ ਮਕਸਦ ਪਟਿਆਲੇ ਸ਼ਹਿਰ ਨੂੰ ਸੁੰਦਰ, ਸਾਫ਼ ਅਤੇ ਆਧੁਨਿਕ ਬਣਾਉਣਾ ਹੈ, ਪਰ ਇਹ ਤਦ ਹੀ ਸੰਭਵ ਹੈ ਜਦੋਂ ਹਰ ਕੰਮ ਮਿਆਰੀ ਤਰੀਕੇ ਨਾਲ ਕੀਤਾ ਜਾਵੇ।ਮੇਅਰ ਨੇ ਇਹ ਵੀ ਦੱਸਿਆ ਕਿ ਅਗਲੇ ਦਿਨਾਂ ਵਿੱਚ ਸ਼ਹਿਰ ਦੇ ਵੱਖ–ਵੱਖ ਇਲਾਕਿਆਂ ਵਿੱਚ ਬਣ ਰਹੇ ਸੜਕਾਂ, ਫੁੱਟਪਾਥਾਂ ਅਤੇ ਡਰੇਨਜ਼ ਸਿਸਟਮ ਦੀ ਰੈਗੂਲਰ ਚੈਕਿੰਗ ਹੋਵੇਗੀ। ਕੋਈ ਵੀ ਵਿਭਾਗ ਜਾਂ ਠੇਕੇਦਾਰ ਇਸ ਭਰਮ ਵਿੱਚ ਨਾ ਰਹੇ ਕਿ ਉਹ ਨਿਗਾਹ ਤੋਂ ਬਚ ਸਕਦਾ ਹੈ।