ਅਦਾਕਾਰਾ ਨੀਰੂ ਬਾਜਵਾ ਨੇ ਸਰਹੱਦੀ ਪਿੰਡਾਂ ਦੇ ਗੁਰੂਘਰਾਂ ‘ਚ ਸੇਵਾ ਕਰ ਰਹੇ ਗ੍ਰੰਥੀ ਸਿੰਘਾਂ ਲਈ ਕੀਤਾ ਵੱਡਾ ਐਲਾਨ

ਫਿਰੋਜ਼ਪੁਰ: ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਨੇ ਹੰਭਲਾ ਫਾਊਂਡੇਸ਼ਨ ਪੰਜਾਬ ਰਾਹੀਂ, ਹੁਸੈਨੀਵਾਲਾ ਨੇੜੇ ਸਰਹੱਦੀ ਪਿੰਡਾਂ ਵਿੱਚ ਗੁਰੂਘਰਾਂ ਵਿੱਚ ਸੇਵਾ ਕਰ ਰਹੇ ਗ੍ਰੰਥੀ ਸਿੰਘਾਂ ਨੂੰ ਅਗਲੇ ਛੇ ਮਹੀਨਿਆਂ ਲਈ 5,000 ਰੁਪਏ ਦੀ ਮਾਸਿਕ ਤਨਖਾਹ/ਸੇਵਾ ਤੋਹਫ਼ੇ ਦਾ ਐਲਾਨ ਕੀਤਾ ਹੈ।ਇਹ ਜਾਣਕਾਰੀ ਹੰਭਲਾ ਫਾਊਂਡੇਸ਼ਨ ਪੰਜਾਬ ਦੇ ਹਿੱਸੇ ਹਜ਼ਾਰਾ ਸਿੰਘ ਵਾਲਾ ਪਿੰਡ ਵਿੱਚ ਚਲਾਏ ਜਾ ਰਹੇ ‘ਮੁਢ ਵਸੀਬਾ ਕੈਂਪ’ ਵਿੱਚ ਮੁੰਬਈ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਭਾਈਵਾਲ ਸੰਤੋਸ਼ ਸੁਭਾਸ਼ ਥਿੱਟੇ ਨੇ ਦਿੱਤੀ ਅਤੇ ਦੱਸਿਆ ਕਿ ਹੜ੍ਹਾਂ ਕਾਰਨ ਜਿੱਥੇ ਫਸਲਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਉੱਥੇ ਹੀ ਗੁਰੂਘਰਾਂ ਦੇ ਗ੍ਰੰਥੀ ਸਿੰਘਾਂ ਦੀ ਹਾਲਤ ਵੀ ਵਿਗੜ ਗਈ ਹੈ ਅਤੇ ਉਨ੍ਹਾਂ ਦੀ ਵਿੱਤੀ ਸਥਿਤੀ ਵੀ ਮਾੜੀ ਹੈ।ਹੰਭਲਾ ਫਾਊਂਡੇਸ਼ਨ ਪੰਜਾਬ ਦੇ ਡਾ. ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ ਅਤੇ ਜਗਦੀਪ ਵੜਿੰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨੀਰੂ ਬਾਜਵਾ ਨੇ ਹੰਭਲਾ ਫਾਊਂਡੇਸ਼ਨ ਰਾਹੀਂ ਇਨ੍ਹਾਂ ਸਰਹੱਦੀ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੀ ਪੂਰੀ ਬੋਰਡ ਪ੍ਰੀਖਿਆ ਫੀਸ ਅਦਾ ਕਰਨ ਦਾ ਐਲਾਨ ਕੀਤਾ ਹੈ।