ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਲਈ ਟਰਮ 1 ਪ੍ਰੀਖਿਆ ਦੀ ਡੇਟਸ਼ੀਟ ਕੀਤੀ ਜਾਰੀ

ਲੁਧਿਆਣਾ: ਵਿਦਿਆਰਥੀਆਂ ਲਈ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 2025-26 ਸੈਸ਼ਨ ਲਈ ਪਹਿਲੀ ਤੋਂ ਬਾਰ੍ਹਵੀਂ ਜਮਾਤ ਲਈ ਟਰਮ 1 ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਸਕੂਲ ਸਿੱਖਿਆ ਵਿਭਾਗ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ (ਪ੍ਰਾਇਮਰੀ, ਅੱਪਰ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ) ਲਈ ਭਲਕੇ (18 ਸਤੰਬਰ) ਤੋਂ ਟਰਮ 1 ਪ੍ਰੀਖਿਆ ਕਰਵਾਏਗਾ। ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ, ਪਹਿਲੀ ਤੋਂ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ 23 ਸਤੰਬਰ ਨੂੰ ਸ਼ੁਰੂ ਹੋ ਕੇ 27 ਸਤੰਬਰ ਨੂੰ ਖਤਮ ਹੋਣਗੀਆਂ। ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਸਤੰਬਰ ਨੂੰ ਸ਼ੁਰੂ ਹੋ ਕੇ 29 ਸਤੰਬਰ ਨੂੰ ਖਤਮ ਹੋਣਗੀਆਂ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਸਤੰਬਰ ਨੂੰ ਸ਼ੁਰੂ ਹੋ ਕੇ 1 ਅਕਤੂਬਰ ਨੂੰ ਖਤਮ ਹੋਣਗੀਆਂ।ਸਿੱਖਿਆ ਬੋਰਡ ਨੇ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ 9ਵੀਂ ਤੋਂ 12ਵੀਂ ਜਮਾਤ ਲਈ ਪ੍ਰੀਖਿਆ ਸਿਲੇਬਸ ਅਪ੍ਰੈਲ ਤੋਂ ਅਗਸਤ 2025 ਤੱਕ ਹੋਵੇਗਾ ਅਤੇ ਪਹਿਲੀ ਤੋਂ ਅੱਠਵੀਂ ਜਮਾਤ ਲਈ ਪ੍ਰੀਖਿਆ ਸਿਲੇਬਸ ਅਪ੍ਰੈਲ ਤੋਂ ਸਤੰਬਰ 2025 ਤੱਕ ਹੋਵੇਗਾ। ਪ੍ਰੀਖਿਆ ਦਾ ਸਮਾਂ ਸਵੇਰੇ 8:30 ਵਜੇ ਤੋਂ 11:30 ਵਜੇ ਤੱਕ ਹੋਵੇਗਾ।