ਮੇਅਰ ਤੇ ਡੀ.ਸੀ. ਵੱਲੋਂ 22 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਅੱਸੂ ਦੇ ਨਵਰਾਤਰਿਆਂ ਸਬੰਧੀ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਤਿਆਰੀਆਂ ਦਾ ਜਾਇਜ਼ਾ
ਪਟਿਆਲਾ : ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਮੇਤ ਐਡਵਾਈਜਰੀ ਕਮੇਟੀ ਦੇ ਮੈਂਬਰ ਸੀ.ਏ ਅਜੇ ਅਲੀਪੁਰੀਆ ਤੇ ਸੰਜੇ ਸਿੰਗਲਾ ਨੇ ਸਥਾਨਕ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ 22 ਸਤੰਬਰ ਨੂੰ ਅੱਸੂ ਦੇ ਨਵਰਾਤਰਿਆਂ ਦੀ ਸ਼ੁਭ-ਆਰੰਭਤਾ ਮੌਕੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਨੂੰ ਲੈਕੇ ਤਿਆਰੀਆਂ ਸਮੇਤ ਹੋਰ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ, ਇਸ ਲਈ 22 ਸਤੰਬਰ ਤੋਂ 2 ਅਕਤੂਬਰ ਤੱਕ ਨਵਰਾਤਰਿਆਂ ਦੇ ਦਿਨਾਂ ਦੌਰਾਨ ਦੂਰੋਂ-ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ। ਇਸ ਮੌਕੇ ਦੱਸਿਆ ਗਿਆ ਕਿ ਨਵਰਾਤਰਿਆਂ ਦੌਰਾਨ ਰੋਜ਼ ਸਵੇਰੇ ਸਾਢੇ 8 ਵਜੇ ਹਵਨ ਸ਼ੁਰੂ ਹੋਵੇਗਾ, ਜਿਸ ਲਈ ਆਮ ਸ਼ਰਧਾਲੂ ਬੁਕਿੰਗ ਕਰਵਾ ਸਕਦੇ ਹਨ। ਇਸ ਦੌਰਾਨ ਮੰਦਿਰ ਦੇ ਮਾਹੌਲ ਨੂੰ ਹੋਰ ਅਧਿਆਤਮਿਕ ਬਣਾਉਣ ਲਈ ਮੰਤਰਾਂ ਦਾ ਉਚਾਰਨ ਚੱਲਦਾ ਰਹੇਗਾ।ਮੇਅਰ ਕੁੰਦਨ ਗੋਗੀਆ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਇਸ ਲਈ ਪਵਿੱਤਰ ਮੰਦਿਰ ਅਤੇ ਇਸਦੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਉਨ੍ਹਾਂ ਨਵਰਾਤਰਿਆਂ ਮੌਕੇ ਆਉਣ ਵਾਲੇ ਦਿਵਿਆਂਗ ਸ਼ਰਧਾਲੂਆਂ ਦੀ ਸਹੂਲਤ ਲਈ ਵੀਲ੍ਹ ਚੇਅਰ ਦਾ ਪ੍ਰਬੰਧ ਕਰਨ ਸਮੇਤ ਸ਼ਰਧਾਲੂਆ ਲਈ ਲੰਗਰ ਤੇ ਭੰਡਾਰੇ, ਪੀਣ ਵਾਲੇ ਪਾਣੀ, ਬਾਥਰੂਮ, ਸਾਫ਼ ਸਫ਼ਾਈ ਆਦਿ ਦੇ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ।ਸੀ.ਏ. ਅਜੇ ਅਲੀਪੁਰੀਆ ਨੇ ਦੱਸਿਆ ਕਿ ਸ਼ਾਰਦੀਆ ਨਵਰਾਤਰੀ ਅੱਸੂ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਦੀ ਸ਼ੁਰੂਆਤ 22 ਸਤੰਬਰ ਤੋਂ ਹੋ ਰਹੀ ਹੈ ਅਤੇ ਇਸ ਦੌਰਾਨ ਦੁਰਗਾ ਮਾਂ ਦੇ ਨੌ ਰੂਪਾਂ ਦੀ ਵਿਧੀ ਵਿਧਾਨ ਨਾਲ ਅਰਾਧਨਾ ਕੀਤੀ ਜਾਂਦੀ ਹੈ।ਏ.ਡੀ.ਸੀ. ਸਿਮਰਪ੍ਰੀਤ ਕੌਰ ਨੇ ਕਿਹਾ ਕਿ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਆਮਦ ਨੂੰ ਲੈਕੇ ਜ਼ਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਪੁੱਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਾਹਨਾਂ ਦੀ ਪਾਰਕਿੰਗ ਸਮੇਤ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫ਼ਿਕ ਪਲਾਨ ਵੀ ਬਣਾਇਆ ਜਾ ਰਿਹਾ ਹੈ।