ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਨਮਹੋਲ ਪਹਾੜੀ ਖੇਤਰ ’ਚ ਬੱਦਲ ਫਟਣ ਕਾਰਨ ਹੋਇਆ ਭਾਰੀ ਨੁਕਸਾਨ
ਸ੍ਰੀ ਆਨੰਦਪੁਰ ਸਾਹਿਬ : ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਨਮਹੋਲ ਪਹਾੜੀ ਖੇਤਰ ਦੇ ਗੁਤਰਾਹਨ ਪਿੰਡ ਵਿੱਚ ਅੱਜ ਸਵੇਰੇ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਇਹ ਬੱਦਲ ਫਟਣ ਦੀ ਘਟਨਾ ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਵਾਪਰੀ, ਜਿਸ ਕਾਰਨ ਕਈ ਵਾਹਨ ਮਲਬੇ ਹੇਠ ਦੱਬ ਗਏ ਅਤੇ ਖੇਤਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ।ਇਸ ਆਫ਼ਤ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਬੱਦਲ ਫਟਣ ਦੀ ਇਹ ਘਟਨਾ ਨੈਣਾ ਦੇਵੀ ਵਿਧਾਨ ਸਭਾ ਹਲਕੇ ਦੇ ਨਮਹੋਲ ਖੇਤਰ ਦੇ ਗੁਤਰਾਹਨ ਪਿੰਡ ਵਿੱਚ ਵਾਪਰੀ। ਇਸ ਸਬੰਧੀ ਇੱਕ ਪਿੰਡ ਵਾਸੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਪਾਣੀ ਕਾਰਨ ਖੇਤੀਬਾੜੀ ਵਾਲੀ ਜ਼ਮੀਨ ‘ਤੇ ਭਾਰੀ ਮਲਬਾ ਆ ਗਿਆ, ਜਿਸ ਕਾਰਨ ਬਹੁਤ ਨੁਕਸਾਨ ਹੋਇਆ ਹੈ। ਖੇਤਾਂ ਵਿੱਚ ਵਗਦਾ ਪਾਣੀ ਫੈਲ ਗਿਆ, ਮਲਬੇ ਦੇ ਨਾਲ ਵਗਦਾ ਪਾਣੀ ਆਪਣੇ ਨਾਲ ਖੇਤੀਬਾੜੀ ਵਾਲੀ ਜ਼ਮੀਨ ਨੂੰ ਵੀ ਵਹਾ ਕੇ ਲੈ ਗਿਆ।