ਪੰਜਾਬ ਦੇ ਕੁਝ ਇਲਾਕਿਆਂ ’ਚ ਮੀਂਹ ਦੀ ਸੰਭਾਵਨਾ ਜਾਰੀ

ਚੰਡੀਗੜ੍ਹ : ਮੌਸਮ ਵਿੱਚ ਅਚਾਨਕ ਬਦਲਾਅ ਆਉਣ ਨਾਲ ਸ਼ਾਮ 5:30 ਵਜੇ ਦੇ ਕਰੀਬ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਅਤੇ ਥੋੜ੍ਹੀ ਦੇਰ ਬਾਅਦ ਕਈ ਇਲਾਕਿਆਂ ਵਿੱਚ ਗੜੇਮਾਰੀ ਸ਼ੁਰੂ ਹੋ ਗਈ। ਇਸ ਨਾਲ ਜਿੱਥੇ ਠੰਡਕ ਦਾ ਅਹਿਸਾਸ ਹੋਇਆ, ਉੱਥੇ ਹੀ ਧੂੰਏਂ ਦੀ ਮੋਟੀ ਪਰਤ ਨੇ ਸ਼ਹਿਰ ਨੂੰ ਦਿਨ ਭਰ ਆਪਣੀ ਚਪੇਟ ਵਿੱਚ ਰੱਖਿਆ।ਮੌਸਮ ਵਿਭਾਗ ਦੇ ਅਨੁਸਾਰ, ਇਹ ਬਦਲਾਅ ਪੱਛਮੀ ਗੜਬੜੀ ਕਾਰਨ ਹੋਇਆ। ਸ਼ਾਮ ਨੂੰ ਅਚਾਨਕ ਪਏ ਮੀਂਹ ਨੇ ਖੇਤਾਂ ਵਿੱਚ ਨਮੀ ਵਧਾ ਦਿੱਤੀ, ਜਿਸਦਾ ਕਪਾਹ ਅਤੇ ਕਣਕ ਦੀਆਂ ਫਸਲਾਂ ‘ਤੇ ਮਿਸ਼ਰਤ ਪ੍ਰਭਾਵ ਪਵੇਗਾ। ਇਹ ਮੀਂਹ ਉਨ੍ਹਾਂ ਕਿਸਾਨਾਂ ਲਈ ਲਾਭਦਾਇਕ ਸਾਬਤ ਹੋਈ ਜਿਨ੍ਹਾਂ ਨੇ ਹਾਲ ਹੀ ਵਿੱਚ ਕਪਾਹ ਦੀ ਕਟਾਈ ਪੂਰੀ ਕੀਤੀ ਸੀ, ਕਿਉਂਕਿ ਹਵਾ ਵਿੱਚ ਨਮੀ ਅਗਲੀ ਫਸਲ ਦੀ ਤਿਆਰੀ ਵਿੱਚ ਸਹਾਇਤਾ ਕਰੇਗੀ।ਖੰਨਾ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਸੀ, ਜਿਸਦਾ AQI 223 ਸੀ। ਮੌਸਮ ਵਿਭਾਗ ਦੇ ਅਨੁਸਾਰ, ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ ਅਤੇ ਐਸ.ਏ.ਐਸ. ਨਗਰ ਵਿੱਚ ਕੁਝ ਥਾਵਾਂ ‘ਤੇ ਹਲਕੇ ਮੀਂਹ ਦੀ ਸੰਭਾਵਨਾ ਹੈ। ਅੱਜ ਤੋਂ ਤਿੰਨ ਦਿਨਾਂ ਤੱਕ ਰਾਤ ਦਾ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਘੱਟ ਜਾਵੇਗਾ।ਇਸ ਦੌਰਾਨ ਗੜੇਮਾਰੀ ਨਾਲ ਕਪਾਹ ਦੇ ਖੇਤਾਂ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਹੈ, ਜਿੱਥੇ ਅਜੇ ਵੀ ਕਪਾਹ ਦੀ ਕਟਾਈ ਹੋ ਰਹੀ ਹੈ। ਕੁੱਝ ਇਲਾਕਿਆਂ ਵਿੱਚ ਫਲੀਆਂ ਅਤੇ ਕਪਾਹ ਉੱਤੇ ਗੜਿਆਂ ਦੇ ਨਿਸ਼ਾਨ ਵਿਖਾਈ ਦੇ ਰਹੇ ਹਨ। ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੀਂਹ ਨਾਲ ਧੁੰਦ ਕੁੱਝ ਹੱਦ ਤੱਕ ਹਟੇਗੀ ਅਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।