ਪਟਿਆਲਾ ਦੇ ਪਿੰਡ ਹਸਨਪੁਰ ਨੇ ਨੇੜੇ ਵਾਪਰਿਆ ਵੱਡਾ ਹਾਦਸਾ , ਦੋ ਦੀ ਮੌਤ, ਕਈ ਜ਼ਖਮੀ

ਪਟਿਆਲਾ: ਸਰਹਿੰਦ ਰੋਡ ‘ਤੇ ਹਸਨਪੁਰ ਪਿੰਡ ਨੇੜੇ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਪਠਾਨਕੋਟ ਡਿਪੂ ਦੀ ਪੰਜਾਬ ਰੋਡਵੇਜ਼ ਬੱਸ ਅਤੇ ਇੱਕ ਟਰੱਕ ਦੇ ਵਿਚਕਾਰ ਜ਼ੋਰਦਾਰ ਆਹਮੋ-ਸਾਹਮਣੇ ਟੱਕਰ ਹੋ ਗਈ । ਇਸ ਭਿਆਨਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕਈ ਯਾਤਰੀ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਬੱਸ ਕੰਡਕਟਰ ਅਤੇ ਟਰੱਕ ਡਰਾਈਵਰ ਸ਼ਾਮਲ ਹਨ।ਚਸ਼ਮਦੀਦਾਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਹਾਦਸੇ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਸਥਾਨਕ ਲੋਕ ਅਤੇ ਰਾਹਗੀਰ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚੀਆਂ ਅਤੇ ਮਦਦ ਕਰਨੀ ਸ਼ੁਰੂ ਕਰ ਦਿੱਤੀ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।