ਪਾਕਿਸਤਾਨ ਜਥੇ ਨਾਲ ਜਾਣ ਵਾਲੀਆਂ ਸੰਗਤਾਂ ‘ਚ ਭਾਰੀ ਰੋਸ

ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂੁਰਬ ਦੇ ਸੰਬੰਧ ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਸਥਿਤ ਹੋਰ ਗੁਰੂਧਾਮਾਂ ਵਿਖੇ ਹਰ ਸਾਲ ਭਾਰਤ ਤੋਂ ਸੰਗਤਾਂ ਪਾਕਿਸਤਾਨ ਜਾ ਕੇ ਨਤਮਸਤਕ ਹੁੰਦੀਆ ਹਨ। ਬੇਸ਼ੱਕ ਇਸ ਵਾਰ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 5 ਨਵੰਬਰ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ । ਹਰ ਸਾਲ ਭਾਰਤ ਤੋਂ ਹਜ਼ਾਰਾਂ ਸ਼ਰਧਾਲੂ ਜਥੇ ਦੇ ਰੂਪ ‘ਚ ਪਾਕਿਸਤਾਨ ਜਾਂਦੇ ਹਨ ਅਤੇ ਜਿਸ ਦਿਨ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੁੰਦੇ ਹਨ । ਉਸ ਦਿਨ ਸੰਗਤ ਪਾਕਿਸਤਾਨ ਪਹੁੰਚਦੀ ਹੈ । ਪਰ ਇਸ ਵਾਰ ਨਵੀਂ ਰੀਤ ਪਾਉਦਿਆਂ ਪਾਕਿਸਤਾਨ ਨੇ ਜਥਿਆਂ ਨੂੰ ਆਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ 3 ਨਵੰਬਰ ਨੂੰ ਪਹੁੰਚਣ ਦੀ ਪ੍ਰਵਾਨਗੀ ਨਹੀ ਦਿੱਤੀ ਜਾ ਰਹੀ।ਇਸ ਕਾਰਨ ਸਿੱਖ ਸੰਗਤਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਾਕਿਸਤਾਨ ਭੇਜੇ ਜਾਣ ਵਾਲੇ ਸਿੱਖ ਸ਼ਰਧਾਂਲੂਆਂ ਦੀ ਅਗਵਾਈ ਦੀ ਸੇਵਾ ਕਰ ਰਹੇ ਪਦਮ ਸ਼੍ਰੀ ਡਾ. ਜਗਜੀਤ ਸਿੰਘ ਦਰਦੀ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸ਼ਰਧਾਂਲੂਆਂ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ 3 ਨਵੰਬਰ ਨੂੰ ਹੀ ਪਾਕਿਸਤਾਨ ਪਹੁੰਚਣ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਸ਼ਮੂਲੀਅਤ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਪਾਕਿਸਤਾਨ ਜਾਣ ਲਈ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 170 ਸ਼ਰਧਾਲੂਆਂ ਨੇ ਵੀਜ਼ੇ ਅਪਲਾਈ ਕੀਤੇ ਸਨ, ਉਨ੍ਹਾਂ ਸਾਰਿਆਂ ਨੂੰ ਵੀਜ਼ੇ ਮਿਲ ਗਏ ਹਨ ਅਤੇ ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪਾਸਪੋਰਟ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਤੋਂ ਲੈ ਲੈਣ। ਪ੍ਰਧਾਨ ਕਾਲਕਾ ਅਤੇ ਜਨਰਲ ਸਕੱਤਰ ਕਾਹਲੋਂ ਨੇ ਦੱਸਿਆ ਕਿ ਇਸ ਸਾਲ ਪਹਿਲਾਂ ਭਾਰਤ ਸਰਕਾਰ ਨੇ ਗੁਰਪੁਰਬ ’ਤੇ ਪਾਕਿਸਤਾਨ ਜਾਣ ’ਤੇ ਪਾਬੰਦੀ ਲਗਾ ਦਿੱਤੀ ਸੀ ਪਰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਅਪੀਲ ਮਗਰੋਂ ਭਾਰਤ ਸਰਕਾਰ ਨੇ ਜਥੇ ਨੂੰ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਸੀ।ਉਨ੍ਹਾਂ ਦੱਸਿਆ ਕਿ ਕੁੱਲ 170 ਸ਼ਰਧਾਲੂਆਂ ਨੇ ਦਿੱਲੀ ਗੁਰਦੁਆਰਾ ਕਮੇਟੀ ਰਾਹੀਂ ਵੀਜ਼ੇ ਅਪਲਾਈ ਕੀਤਾ ਸੀ ਤੇ ਸਾਰੇ 170 ਸ਼ਰਧਾਲੂਆਂ ਨੂੰ ਵੀਜ਼ੇ ਮਿਲ ਗਏ ਹਨ। ਸ਼ਰਧਾਲੂ ਆਪੋ-ਆਪਣੇ ਪਾਸਪੋਰਟ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਤੋਂ ਇਕੱਤਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਵਿਚ ਦਾਖਲੇ ਵਾਸਤੇ 4 ਨਵੰਬਰ ਦੀ ਤਾਰੀਕ ਮੁਕੱਰਰ ਕੀਤੀ ਹੈ ਪਰ ਭਾਰਤ ਸਰਕਾਰ ਯਤਨਸ਼ੀਲ ਹੈ ਕਿ ਸ਼ਰਧਾਲੂ 3 ਨਵੰਬਰ ਨੂੰ ਹੀ ਪਾਕਿਸਤਾਨ ਵਿਚ ਦਾਖਲ ਹੋਣ ’ਤੇ ਇਸ ਅੰਤਿਮ ਫ਼ੈਸਲਾ ਇਕ ਦੋ ਦਿਨਾਂ ਵਿਚ ਹੋ ਜਾਵੇਗਾ। ਜਥੇ ਵਾਸਤੇ ਇਹ ਦੌਰਾ 10 ਦਿਨਾਂ ਦਾ ਹੋਵੇਗਾ ਅਤੇ 10 ਦਿਨਾਂ ਦੇ ਮੁਕੰਮਲ ਹੋਣ ’ਤੇ ਜਥਾ ਵਾਪਸ ਭਾਰਤ ਆਵੇਗਾ।