ਫਰੀਦਕੋਟ ਜ਼ਿਲ੍ਹਾ ਮਜਿਸਟਰੇਟ ਨੇ 13 ਦਸੰਬਰ ਤੱਕ ਜਾਰੀ ਕੀਤੇ ਆਦੇਸ਼

ਫਰੀਦਕੋਟ : ਭਾਰਤੀ ਨਾਗਰਿਕ ਸੁਰੱਖਿਆ ਕੋਡ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ, ਜ਼ਿਲ੍ਹਾ ਮਜਿਸਟਰੇਟ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਫਰੀਦਕੋਟ ਜਿਲ੍ਹੇ ਦੀ ਸੀਮਾ ਦੇ ਅੰਦਰ ਨਿੱਜੀ ਕਬਜ਼ੇ ਵਾਲੇ/ਮਾਲਕੀਅਤ ਵਾਲੇ ਖਾਲੀ ਪਲਾਟਾਂ ਵਿੱਚ ਕੂੜਾ, ਗੰਦਗੀ ਅਤੇ ਸੀਵਰੇਜ ਦੇ ਜਮ੍ਹਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਹਨ।ਜਾਰੀ ਹੁਕਮਾਂ ਅਨੁਸਾਰ, ਸ਼ਹਿਰ ਵਿੱਚ ਖਾਲੀ ਪਲਾਟਾਂ ਦੇ ਮਾਲਕ/ਕਬਜ਼ਾਧਾਰੀ ਆਪਣੇ ਖਾਲੀ ਪਲਾਟਾਂ ਵਿੱਚ ਕੂੜੇ ਦੇ ਢੇਰ, ਗੰਦਗੀ ਅਤੇ ਖੜ੍ਹੇ ਬਰਸਾਤੀ ਪਾਣੀ ਦੀ ਤੁਰੰਤ ਸਫ਼ਾਈ ਆਪਣੇ ਪੱਧਰ ‘ਤੇ ਯਕੀਨੀ ਬਣਾਉਣਗੇ। ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕਿਸੇ ਦੀ ਮਲਕੀਅਤ/ਕਬਜ਼ੇ ਵਾਲੇ ਖਾਲੀ ਪਲਾਟ ਦੇ ਆਲੇ-ਦੁਆਲੇ ਇੱਕ ਠੋਸ ਚਾਰਦੀਵਾਰੀ ਜਾਂ ਵਾੜ ਲਗਾਈ ਜਾਵੇ ਜਾਂ ਪਲਾਟ ਵਿੱਚ ਕੂੜਾ ਜਮ੍ਹਾ ਹੋਣ ਤੋਂ ਰੋਕਿਆ ਜਾਵੇ।ਜ਼ਿਲ੍ਹਾ ਮੈਜਿਸਟ੍ਰੇਟ ਮੈਡਮ ਪੂਨਮਦੀਪ ਕੌਰ ਨੇ ਆਖਿਆ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਵਿਅਕਤੀਆਂ ਦੇ ਮਾਲਕੀ/ਕਬਜ਼ੇ ਵਾਲੇ ਪਲਾਟਾਂ ਵਿੱਚ ਕੂੜਾ, ਗੰਦਗੀ ਅਤੇ ਗੰਦਾ ਪਾਣੀ ਜਮ੍ਹਾਂ ਹੋ ਜਾਂਦਾ ਹੈ, ਜਿਸ ਕਾਰਨ ਵੱਖ-ਵੱਖ ਪ੍ਰਕਾਰ ਦੇ ਖ਼ਤਰਨਾਕ ਜੀਵ ਪੈਦਾ ਹੁੰਦੇ ਹਨ ਜੋ ਵੱਖ-ਵੱਖ ਪ੍ਰਕਾਰ ਦੀਆਂ ਬਿਮਾਰੀਆਂ (ਜਿਵੇਂ ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ) ਨੂੰ ਫੈਲਾਉਂਦੇ ਹਨ। ਇਸ ਤਰ੍ਹਾਂ, ਇਹ ਬਿਮਾਰੀਆਂ ਸ਼ਹਿਰ ਵਾਸੀਆਂ ਦੀ ਸਿਹਤ ਲਈ ਇੱਕ ਗੰਭੀਰ ਅਤੇ ਜਾਨਲੇਵਾ ਖ਼ਤਰਾ ਹਨ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਇਨ੍ਹਾਂ ਖਾਲੀ ਪਲਾਟਾਂ ਦੀ ਸਫ਼ਾਈ ਕਰਨਾ ਜ਼ਰੂਰੀ ਹੈ। ਇਸ ਸਭ ਦੇ ਮੱਦੇਨਜ਼ਰ, ਇਹ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ 13 ਦਸੰਬਰ, 2025 ਤੱਕ ਲਾਗੂ ਰਹੇਗਾ।