ਲੁਧਿਆਣਾ ਸ਼ਹਿਰ ਦੇ ਸਟਾਰ ਸਿਟੀ ਕਲੋਨੀ ’ਚ ਆਤਿਸ਼ਬਾਜ਼ੀ ਕਾਰਨ ਵੂਲਨ ਵੈਸਟ ਗੋਦਾਮ ’ਚ ਲੱਗੀ ਭਿਆਨਕ ਅੱਗ

ਲੁਧਿਆਣਾ : ਲੁਧਿਆਣਾ ਸ਼ਹਿਰ ਤੋਂ ਦੀਵਾਲੀ ਦੀ ਰਾਤ ਨੂੰ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ ਸਟਾਰ ਸਿਟੀ ਕਲੋਨੀ ਵਿੱਚ ਦੇਰ ਰਾਤ ਦੌਰਾਨ ਹੋਈ ਆਤਿਸ਼ਬਾਜ਼ੀ ਕਾਰਨ ਵੂਲਨ ਵੈਸਟ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਨੇ ਪੂਰੇ ਮੁਹੱਲੇ ਵਿੱਚ ਦਹਿਸ਼ਤ ਫੈਲਾ ਦਿੱਤੀ।ਸੁਤਰਾਂ ਅਨੁਸਾਰ, ਅੱਗ ਆਤਿਸ਼ਬਾਜ਼ੀ ਦਾ ਚੰਗਿਆੜਾ ਡਿੱਗਣ ਨਾਲ ਲੱਗੀ। ਅੱਗ ਉੱਠਦੀਆਂ ਲਪਟਾਂ ਦੇਖ ਕੇ ਲੋਕਾਂ ਨੇ ਘਰ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਨਾਲ-ਨਾਲ ਪੜੋਸੀ ਘਰਾਂ ਨੂੰ ਵੀ ਸੁਰੱਖਿਅਤ ਥਾਂਵਾਂ ਵੱਲ ਭੇਜਿਆ।ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇਰ ਰਾਤ ਤੱਕ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕਰਦੀਆਂ ਰਹੀਆਂ। ਇਸ ਘਟਨਾ ਨੇ ਸਿਰਫ਼ ਵੂਲਨ ਵੈਸਟ ਗੋਦਾਮ ਨੂੰ ਹੀ ਨਹੀਂ, ਸਗੋਂ ਆਸ-ਪਾਸ ਦੀਆਂ ਬਿਜਲੀ ਲਾਈਨਾਂ ਨੂੰ ਵੀ ਪ੍ਰਭਾਵਿਤ ਕੀਤਾ। ਅੱਗ ਲੱਗਣ ਕਾਰਨ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋ ਗਈ, ਜਿਸ ਕਰਕੇ ਪੂਰੇ ਮੁਹੱਲੇ ਦੀ ਬਿਜਲੀ ਸਪਲਾਈ ਰਾਤ ਭਰ ਲਈ ਬੰਦ ਰਹੀ। ਬਿਜਲੀ ਮੁੜ ਸਹੀ ਕਰਨ ਲਈ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਖੁੱਲ੍ਹੀਆਂ ਥਾਂਵਾਂ ‘ਤੇ ਵੂਲਨ ਵੈਸਟ ਰੱਖਣ ‘ਤੇ ਪਾਬੰਦੀ ਲਗਾਈ ਹੋਈ ਸੀ। ਫਿਰ ਵੀ, ਕੁਝ ਵਪਾਰੀ ਇਸਨੂੰ ਖੁੱਲ੍ਹੇ ਸਥਾਨਾਂ ‘ਚ ਰੱਖਦੇ ਹਨ। ਅਜਿਹੇ ਖੁੱਲ੍ਹੇ ਸਥਾਨਾਂ ‘ਚ ਰੱਖੀ ਵੂਲਨ ਵੈਸਟ ਚੰਗਿਆੜੇ ਦੇ ਸੰਪਰਕ ‘ਚ ਆਉਂਦੇ ਹੀ ਅੱਗ ਦਾ ਕਾਰਨ ਬਣ ਜਾਂਦੀ ਹੈ।