ਡੀ.ਸੀ. ਡਾ. ਪ੍ਰੀਤੀ ਯਾਦਵ ਨੇ ਅੱਜ ਐਸ.ਡੀ.ਕੇ.ਐਸ. ਯਾਦਵਿੰਦਰਾ ਪੂਰਨ ਬਾਲ ਨਿਕੇਤਨ ਦਾ ਕੀਤਾ ਦੌਰਾ
ਪਟਿਆਲਾ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਲਾਹੌਰੀ ਗੇਟ ਨੇੜੇ ਐਸ.ਡੀ.ਕੇ.ਐਸ. ਯਾਦਵਿੰਦਰਾ ਪੂਰਨ ਬਾਲ ਨਿਕੇਤਨ ਦਾ ਦੌਰਾ ਕੀਤਾ ਅਤੇ ਉੱਥੇ ਰਹਿਣ ਵਾਲੇ ਬੱਚਿਆਂ ਅਤੇ ਸਕੂਲ ਤੇ ਕਾਲਜ ਜਾਣ ਵਾਲੀਆਂ ਕੁੜੀਆਂ ਨਾਲ ਗਰੀਨ ਅਤੇ ਭਾਈਚਾਰਕ ਦੀਵਾਲੀ ਮਨਾਈ।ਡਾ. ਪ੍ਰੀਤੀ ਯਾਦਵ ਨੇ ਇਨ੍ਹਾਂ ਬੱਚਿਆਂ ਨਾਲ ਖੁਸ਼ੀਆਂ ਭਰੀ ਤੇ ਵਾਤਾਵਰਣ ਅਨੁਕੂਲ ਦੀਵਾਲੀ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਮਠਿਆਈਆਂ, ਤੋਹਫ਼ੇ ਅਤੇ ਤਿਉਹਾਰਾਂ ਦੀ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤਿਉਹਾਰ ਉਨ੍ਹਾਂ ਲੋਕਾਂ ਨਾਲ ਮਨਾਏ ਜਾਣ ‘ਤੇ ਹੋਰ ਵੀ ਅਰਥਪੂਰਨ ਬਣ ਜਾਂਦੇ ਹਨ, ਜਿਨ੍ਹਾਂ ਦੇ ਆਪਣੇ ਪਰਿਵਾਰ ਨਹੀਂ ਹੁੰਦੇ ਪਰ ਉਹ ਸਾਡੇ ਸਮਾਜ ਤੇ ਭਾਈਚਾਰੇ ਦਾ ਇੱਕ ਪਿਆਰਾ ਹਿੱਸਾ ਹੁੰਦੇ ਹਨ।ਡਾ. ਪ੍ਰੀਤੀ ਯਾਦਵ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜਿਹੇ ਬੱਚਿਆਂ ਤੇ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਈਏ ਅਤੇ ਉਨ੍ਹਾਂ ਨੂੰ ਜਸ਼ਨਾਂ ਵਿੱਚ ਸ਼ਾਮਲ ਮਹਿਸੂਸ ਕਰਵਾਈਏ ਇਹ ਸਾਡਾ ਸਮੂਹਿਕ ਫਰਜ਼ ਹੈ। ਉਨ੍ਹਾਂ ਨੇ ਬੱਚਿਆਂ ਨੂੰ ਪਟਾਕਿਆਂ ਤੋਂ ਬਚ ਕੇ, ਸਵੱਛਤਾ ਭਰਪੂਰ, ਗਰੀਨ ਅਤੇ ਸੁਰੱਖਿਅਤ ਤਿਉਹਾਰ ਮਨਾਉਣ ਲਈ ਉਤਸ਼ਾਹਿਤ ਕਰਦਿਆਂ ਵਾਤਾਵਰਣ ਪੱਖੋਂ ਜ਼ਿੰਮੇਵਾਰ ਤਰੀਕੇ ਨਾਲ ਦੀਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ।ਡਿਪਟੀ ਕਮਿਸ਼ਨਰ ਨੇ ਪੂਰਨ ਬਾਲ ਨਿਕੇਤਨ ਦੇ ਬੱਚਿਆਂ ਅਤੇ ਲੜਕੀਆਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਬੱਚਿਆਂ ਨੇ ਡੀਸੀ ਨਾਲ ਗੱਲਬਾਤ ਕਰਦਿਆਂ ਆਪਣੀ ਖੁਸ਼ੀ ਤੇ ਉਤਸ਼ਾਹ ਦਾ ਇਜ਼ਹਾਰ ਕੀਤਾ।ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਪ੍ਰਿਤਪਾਲ ਸਿੰਘ ਸਿੱਧੂ ਅਤੇ ਪੂਰਨ ਬਾਲ ਨਿਕੇਤਨ ਦੀ ਮੈਨੇਜਰ ਸ਼੍ਰੀਮਤੀ ਪੂਜਾ ਵੀ ਮੌਜੂਦ ਸਨ।