12 ਵੀਂ ਜਮਾਤ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਮਿਲੀ ਇਹ ਮਨਜ਼ੂਰੀ
ਬੁਢਲਾਡਾ : ਹਲਕਾ ਵਿਧਾਇਕ ਪਿ੍ੰਸੀਪਲ ਬੁੱਧ ਰਾਮ (Constituency MLA Principal Buddha Ram) ਦੇ ਉੱਦਮ ਸਦਕਾ ਪੰਜਾਬ ਸਰਕਾਰ ਨੇ ਸਥਾਨਕ ਸ਼ਹਿਰ ਦੇ 12ਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀਆਂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ‘ਚ ਸਾਇੰਸ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਸਕੂਲ ਮੁਖੀਆਂ ਨੂੰ ਨਵੇਂ ਸੈਸ਼ਨ ਤੋਂ ਦਾਖ਼ਲੇ ਸ਼ੁਰੂ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।ਸਰਕਾਰ ਦੇ ਇਸ ਫ਼ੈਸਲੇ ਕਾਰਨ ਜਿੱਥੇ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਮੱਧ ਵਰਗ ਦੇ ਘਰਾਂ ਦੇ ਹੋਣਹਾਰ ਬੱਚੇ ਸਾਇੰਸ ਵਿੱਚ ਦਾਖਲਾ ਲੈ ਕੇ ਆਪਣਾ ਭਵਿੱਖ ਉਜਵਲ ਬਣਾਉਣਗੇ। ਸ੍ਰੀ ਲੋਕ ਕਲਿਆਣ ਸੇਵਾ ਸੰਮਤੀ ਦੇ ਰਾਜ ਕੁਮਾਰ ਬੀਰੋਕੇ, ਭਾਰਤ ਵਿਕਾਸ ਪ੍ਰੀਸ਼ਦ ਦੇ ਅਮਿਤ ਜਿੰਦਲ, ਮਾਤਾ ਗੁਜਰੀ ਭਲਾਈ ਸੰਸਥਾ ਦੇ ਕੁਲਵੰਤ ਸਿੰਘ, ਐਡਵੋਕੇਟ ਸੁਸ਼ੀਲ ਬਾਂਸਲ ਆਦਿ ਦਾ ਕਹਿਣਾ ਹੈ ਕਿ ਵਿਧਾਇਕ ਦੀ ਪਹਿਲਕਦਮੀ ਰਾਹੀਂ ਸਿੱਖਿਆ ਵਿੱਚ ਸੁਧਾਰ ਲਿਆਉਣ ਦਾ ਉਪਰਾਲਾ ਵੱਡੀ ਕਾਮਯਾਬੀ ਹੈ। ਸਕੂਲ ਦੇ ਪ੍ਰਿੰਸੀਪਲ ਪ੍ਰਵੀਨ ਕੁਮਾਰ ਨੇ ਕਿਹਾ ਕਿ ਸਥਾਨਕ ਵਿਧਾਇਕ ਦੇ ਯਤਨਾਂ ਸਦਕਾ ਸਰਕਾਰ ਵੱਲੋਂ ਬੁਢਲਾਡਾ ਸ਼ਹਿਰ ਦੇ ਲੜਕਿਆਂ ਦੇ ਸਕੂਲ ਵਿੱਚ ਸਾਇੰਸ ਦੀਆਂ ਕਲਾਸਾਂ ਸ਼ੁਰੂ ਕਰਨ ਦੇ ਫ਼ੈਸਲੇ ਨਾਲ ਇਲਾਕੇ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ।