ਕਿਸਾਨਾਂ ਨੇ ਗਰੀਬ ਕਿਸਾਨ ਬਲਦੇਵ ਸਿੰਘ ਦੇ ਘਰ ਅੱਗੇ ਦਿੱਤਾ ਧਰਨਾ , ਜਾਣੋ ਕੀ ਹੈ ਮਾਮਲਾ ?
ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਭਵਾਨੀਗੜ੍ਹ ਇਕਾਈ ਨੇ ਬਲਾਕ ਆਗੂ ਕਰਮ ਚੰਦ ਪੰਨਾਵਾਂ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਬਸੰਤ ਨਗਰ ‘ਚ ਗਰੀਬ ਕਿਸਾਨ ਬਲਦੇਵ ਸਿੰਘ ਦੇ ਘਰ ਅੱਗੇ ਧਰਨਾ ਦਿੱਤਾ।ਇਸ ਮੌਕੇ ਬਲਾਕ ਆਗੂ ਕਰਮ ਚੰਦ ਪੰਨਾਵਾ, ਸ਼ਹਿਰੀ ਇਕਾਈ ਦੇ ਪ੍ਰਧਾਨ ਹਰਦੇਵ ਸਿੰਘ ਭਵਾਨੀਗੜ੍ਹ ਅਤੇ ਹਰਪ੍ਰੀਤ ਸਿੰਘ ਬਾਲਦ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਬਲਦੇਵ ਸਿੰਘ ਨੇ ਇਕ ਆੜ੍ਹਤੀਏ ਤੋਂ ਵਿਆਜ ‘ਤੇ ਕੁਝ ਪੈਸੇ ਉਧਾਰ ਲਏ ਸਨ, ਜਿਸ ਦੇ ਬਦਲੇ ਕਿਸਾਨ ਨੇ ਸੂਰਜਮੁਖੀ ਦੀ ਫਸਲ ਆੜ੍ਹਤੀਏ ਨੂੰ ਵੇਚ ਦਿੱਤੀ ਸੀ। ਬਲਦੇਵ ਸਿੰਘ ਅਨੁਸਾਰ ਫਸਲ ਵੇਚਣ ਤੋਂ ਬਾਅਦ ਆੜ੍ਹਤੀਏ ਕੋਲ 20,000 ਰੁਪਏ ਦੀ ਰਕਮ ਬਚੀ ਸੀ ਅਤੇ ਆੜ੍ਹਤੀਏ ਨੇ ਇਸ ਰਕਮ ਦੀ ਗਰੰਟੀ ਵਜੋਂ ਬਲਦੇਵ ਸਿੰਘ ਤੋਂ ਖਾਲੀ ਚੈੱਕ ਲਏ ਸਨ। ਬਲਦੇਵ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਆੜ੍ਹਤੀਏ ਨਾਲ ਉਸ ਦਾ ਲੈਣ-ਦੇਣ ਬੰਦ ਹੋ ਗਿਆ।ਆੜ੍ਹਤੀਏ ਨੇ ਕਥਿਤ ਤੌਰ ‘ਤੇ 20,000 ਰੁਪਏ ਦੀ ਬਜਾਏ ਖਾਲੀ ਚੈੱਕ ‘ਤੇ 4.12 ਲੱਖ ਰੁਪਏ ਦੀ ਰਾਸ਼ੀ ਭਰਕੇ ਉਸ ਦੇ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਇਸ ਕੇਸ ਦੇ ਫ਼ੈਸਲੇ ਵਿੱਚ ਅਦਾਲਤ ਨੇ ਆੜ੍ਹਤੀਏ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਅਤੇ ਉਸ ਦੇ ਮਕਾਨ ਨੂੰ ਕੁਰਕ ਕਰਨ ਦਾ ਆਦੇਸ਼ ਜਾਰੀ ਕੀਤਾ। ਕਿਸਾਨ ਨੇਤਾਵਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅੱਜ ਕੁਰਕੀ ਦੇ ਆਦੇਸ਼ ਲਿਆਉਣ ਵਾਲੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਅਗਲੀ ਵਾਰ ਕਿਸਾਨ ਦੇ ਘਰ ਨੂੰ ਕੁਰਕ ਕਰਨ ਲਈ ਹੋਰ ਤਾਕਤ ਦੀ ਵਰਤੋਂ ਕੀਤੀ ਜਾਵੇਗੀ।ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਸੇ ਵੀ ਕੀਮਤ ‘ਤੇ ਕਿਸੇ ਵੀ ਕਿਸਾਨ ਦੇ ਘਰ ਦੀ ਛੱਤ ਨਹੀਂ ਖੋਹਣ ਦੇਵੇਗੀ ਅਤੇ ਆਗੂਆਂ ਨੇ ਦੁਪਹਿਰ ਨੂੰ ਨਾਅਰੇਬਾਜ਼ੀ ਕਰਦਿਆਂ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਹਰਮਨ ਸਿੰਘ ਨੰਬਰਦਾਰ ਕਾਰਪੋਰੇਟਰ, ਗਮਦੂਰ ਸਿੰਘ ਦਿਆਲਪੁਰਾ, ਧਰਮ ਸਿੰਘ, ਕਰਨੈਲ ਸਿੰਘ, ਇੰਦਰਜੀਤ ਸਿੰਘ ਮਾਹੀ, ਅਵਤਾਰ ਸਿੰਘ ਗਰੇਵਾਲ ਅਤੇ ਬਰਿੰਦਰ ਸਿੰਘ ਭਵਾਨੀਗੜ੍ਹ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।