ਲਾਵਾਰਸ ਪਸ਼ੂ ਨੂੰ ਬਚਾਉਂਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ, NIR ਦੀ ਹੋਈ ਮੌਤ,ਦੋ ਜਖ਼ਮੀ

ਮੋਗਾ: ਥਾਣਾ ਬੱਧਨੀਕਲਾਂ ਅਧੀਨ ਪੈਂਦੇ ਪਿੰਡ ਬੁੱਟਰ ਬਾਈਪਾਸ ਵਿਖੇ ਇੱਕ ਲਾਵਾਰਸ ਪਸ਼ੂ ਨੂੰ ਬਚਾਉਂਦੇ ਸਮੇਂ ਬੇਕਾਬੂ ਕਾਰ (An Uncontrolled Car) ਦੇ ਇੱਕ ਦੂਜੀ ਕਾਰ ਨਾਲ ਟੱਕਰ ਹੋਣ ਕਾਰਨ ਐੱਨ.ਆਈ.ਆਰ ਵਿਸ਼ਾਲ ਸਿੰਘ (43) ਨਿਵਾਸੀ ਫ਼ਿਰੋਜ਼ਪੁਰ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਜਦੋਂਕਿ ਇਸ ਹਾਦਸੇ ਵਿੱਚ ਦੋ ਨੌਜਵਾਨ ਅਮਨਦੀਪ ਸਿੰਘ ਅਤੇ ਗੁਰਮੀਤ ਸਿੰਘ ਦੋਵੇਂ ਵਾਸੀ ਪਿੰਡ ਤਲਵੰਡੀ ਮੱਝੋਕੇ ਤਪਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਥਾਣਾ ਬੱਧਨੀਕਲਾਂ ਦੇ ਸਹਾਇਕ ਐਸ.ਐਚ.ਓ. ਹਰਪ੍ਰੀਤ ਸ਼ਰਮਾ ਨੇ ਦੱਸਿਆ ਕਿ ਵਿਸ਼ਾਲ ਦੀਪ ਸਿੰਘ ਬੀਤੇ ਦਿਨੀਂ ਹੀ ਅਸਟ੍ਰੇਲੀਆ ਤੋਂ ਆਇਆ ਸੀ, ਉਸ ਦਾ ਲੜਕਾ ਅਤੇ ਪਤਨੀ ਵੀ ਅਸਟ੍ਰੇਲੀਆ ਵਿੱਚ ਹੀ ਹਨ। ਜਦੋਂ ਉਹ ਫ਼ਿਰੋਜ਼ਪੁਰ ਸ਼ਹਿਰ ਸਥਿਤ ਆਪਣੇ ਘਰ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਤਾ ਸੁਨਾਮ ਗਈ ਹੋਈ ਹੈ, ਇਸ ਲਈ ਉਹ ਉਸ ਨੂੰ ਲੈਣ ਲਈ ਆਪਣੀ ਕਾਰ ਵਿੱਚ ਮੋਗਾ ਰਾਹੀਂ ਸੁਨਾਮ ਜਾ ਰਿਹਾ ਸੀ। ਜਦੋਂ ਉਹ ਬੁੱਟਰ ਬਾਈਪਾਸ ਕੋਲ ਪਹੁੰਚਿਆ ਤਾਂ ਇੱਕ ਲਾਵਾਰਸ ਪਸ਼ੂ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਗਈ ਅਤੇ ਬਰਨਾਲਾ ਤੋਂ ਮੋਗਾ ਵੱਲ ਆ ਰਹੀ ਇੱਕ ਹੋਰ ਕਾਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਵਿਸ਼ਾਲਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।ਜਦਕਿ ਦੂਜੀ ਕਾਰ ਵਿੱਚ ਸਵਾਰ ਦੋ ਨੌਜਵਾਨ ਅਮਨਦੀਪ ਸਿੰਘ ਅਤੇ ਗੁਰਮੀਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੋਵੇਂ ਵਾਹਨ ਵੀ ਨੁਕਸਾਨੇ ਗਏ। ਜਾਂਚ ਅਧਿਕਾਰੀ ਸਹਾਇਕ ਐਸ.ਐਚ.ਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨਾਂ ‘ਤੇ ਏ.ਡੀ. ਅੱਜ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਮੋਗਾ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਵੇਗੀ।