ਮਾਂ ਨਾਲ ਸਕੂਲ ਜਾ ਰਹੀ 12 ਸਾਲਾ ਲੜਕੀ ਨੂੰ ਟਰੱਕ ਨੇ ਕੁਚਲਿਆ, ਮੌਕੇ ‘ਤੇ ਹੋਈ ਮੌਤ

ਜ਼ੀਰਕਪੁਰ : ਚੰਡੀਗੜ੍ਹ, ਜ਼ੀਰਕਪੁਰ (Zirakpur) ਤੋਂ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਸੱਤਵੀਂ ਜਮਾਤ ‘ਚ ਪੜ੍ਹਦੀ 12 ਸਾਲਾ ਬੱਚੀ ਆਪਣੀ ਮਾਂ ਨਾਲ ਐਕਟਿਵਾ ‘ਤੇ ਸਕੂਲ ਜਾ ਰਹੀ ਸੀ ਤਾਂ ਸਿੰਘਪੁਰਾ ਲਾਈਟਾਂ ਨੇੜੇ ਇਕ ਟਰੱਕ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ 12 ਸਾਲਾ ਬੱਚੀ ਦੀ ਮਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਡੇਰਾਬੱਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਹਾਦਸੇ ਵਿੱਚ ਮਰਨ ਵਾਲੀ 12 ਸਾਲਾ ਬੱਚੀ ਦੀ ਪਛਾਣ ਪ੍ਰੀਤ ਕਲੋਨੀ, ਜ਼ੀਰਕਪੁਰ ਦੀ ਰਹਿਣ ਵਾਲੀ ਅਨੰਨਿਆ ਵਜੋਂ ਹੋਈ ਹੈ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਬੱਦੀ ਤੋਂ ਅੰਬਾਲਾ ਸਰਿਆ ਛੱਡਣ ਜਾ ਰਿਹਾ ਸੀ। ਮੋੜ ਹੋਣ ਕਾਰਨ ਉਹ ਐਕਟਿਵਾ ਨੂੰ ਨਹੀਂ ਦੇਖ ਸਕਿਆ ਅਤੇ ਹਾਦਸਾ ਵਾਪਰ ਗਿਆ। ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।