ਨਾਕਾਬੰਦੀ ਦੌਰਾਨ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 3 ਮੋਟਰਸਾਈਕਲ ਕੀਤੇ ਬਰਾਮਦ

ਨੂਰਪੁਰਬੇਦੀ : (The Local Police) ਸਥਾਨਕ ਪੁਲਿਸ ਨੇ ਨਾਕਾਬੰਦੀ ਦੌਰਾਨ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ 3 ਮੋਟਰਸਾਈਕਲ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੂਰਪੁਰਬੇਦੀ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਏ.ਐੱਸ.ਆਈ. ਦਲਜੀਤ ਸਿੰਘ ਪੁਲਿਸ ਪਾਰਟੀ ‘ਚ ਕਾਂਸਟੇਬਲ ਸੰਦੀਪ ਕੁਮਾਰ, ਕਾਂਸਟੇਬਲ ਪ੍ਰਿਤਪਾਲ ਸਿੰਘ ਅਤੇ ਪੀ.ਐਚ.ਜੀ. ਬਲਵੀਰ ਚੰਦ ਸਮੇਤ ਨੂਰਪੁਰਬੇਦੀ ਬੱਸ ਸਟੈਂਡ ਕੋਲ ਸ਼ਾਮ 7.30 ਵਜੇ ਦੇ ਕਰੀਬ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਗਸ਼ਤ ਦੌਰਾਨ ਮੌਜੂਦ ਸੀ।ਇਸ ਦੌਰਾਨ ਮੁਖ਼ਬਿਰ ਖਾਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਅਰੁਣ ਕੁਮਾਰ ਪੁੱਤਰ ਸੀਤਾ ਰਾਮ ਅਤੇ ਅਭਿਸ਼ੇਕ ਪੁੱਤਰ ਬਲਵੀਰ ਵਾਸੀ ਸਬੌਰ ਥਾਣਾ ਨੂਰਪੁਰਬੇਦੀ ਚੋਰੀ ਦੇ ਮੋਟਰਸਾਈਕਲ ‘ਤੇ ਪਿੰਡ ਕਾਂਗੜ ਤੋਂ ਨੂਰਪੁਰਬੇਦੀ ਵੱਲ ਆ ਰਹੇ ਹਨ । ਉਸ ਨੇ ਦੱਸਿਆ ਕਿ ਮੋਟਰਸਾਈਕਲ ਨੂੰ ਅਰੁਣ ਕੁਮਾਰ ਚਲਾ ਰਿਹਾ ਹੈ ਅਤੇ ਉਸ ਦੇ ਪਿੱਛੇ ਅਭਿਸ਼ੇਕ ਬੈਠਾ ਹੈ ਜੋ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਗਾਹਕ ਦੀ ਭਾਲ ਕਰ ਰਿਹਾ ਹੈ। ਇਸੇ ਦੌਰਾਨ ਪੁਲਿਸ ਨੇ ਇਸ ਸਬੰਧੀ ਸੂਚਨਾ ਮਿਲਣ ’ਤੇ ਉਕਤ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰ ਲਿਆ।