ਲੋਕ ਸਭਾ ਚੋਣਾਂ ਦੇ ਲਈ ਇਹ ਦਸਤਾਵੇਜ਼ ਦਿਖਾ ਕੇ ਵੀ ਪਾ ਸਕਦੇ ਹੋ ਵੋਟ 

ਬਰਨਾਲਾ : ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਮੈਡਮ ਪੂਨਮਦੀਪ ਕੌਰ (Poonamdeep Kaur) ਨੇ ਦੱਸਿਆ ਕਿ ਨੌਜਵਾਨ ਵੋਟਰ 4 ਮਈ 2024 ਤੱਕ ਆਪਣੀ ਵੋਟ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰ ਕਾਰਡ ਤੋਂ ਇਲਾਵਾ ਵੋਟਰ ਆਪਣੀ ਵੋਟ ਪਾਉਣ ਲਈ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਮਨਰੇਗਾ ਜੌਬ ਕਾਰਡ ਸਮੇਤ 12 ਹੋਰ ਦਸਤਾਵੇਜ਼ਾਂ ਦੀ ਵਰਤੋਂ ਕਰ ਸਕਦਾ ਹੈ, ਪਰ ਵੋਟਰ ਸੂਚੀ ਵਿੱਚ ਵਿਅਕਤੀ ਦਾ ਨਾਮ ਹੋਣਾ ਚਾਹੀਦਾ ਹੈ।ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਵੋਟਰ ਫੋਟੋ ਸ਼ਨਾਖਤੀ ਕਾਰਡ ਨਹੀਂ ਹੈ, ਉਹ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਬੈਂਕਾਂ/ਡਾਕਘਰਾਂ ਤੋਂ ਜਾਰੀ ਫੋਟੋ ਵਾਲੀ ਪਾਸਬੁੱਕ, ਹੈਲਥ ਸਮਾਰਟ ਕਾਰਡ ਦੀ ਵਰਤੋਂ ਕਰਨ। ਕਿਰਤ ਮੰਤਰਾਲੇ ਦੀ ਯੋਜਨਾ ਤਹਿਤ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਐੱਨ.ਪੀ.ਆਰ. ਆਰ ਦੇ ਤਹਿਤ ਆਰ.ਜੀ.ਆਈ ਦੁਆਰਾ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਵਾਲਾ ਪੈਨਸ਼ਨ ਦਸਤਾਵੇਜ਼, ਕੇਂਦਰ/ਰਾਜ ਸਰਕਾਰਾਂ/ਜਨਤਕ ਖੇਤਰ ਦੇ ਵਿਭਾਗਾਂ ਜਾਂ ਪਬਲਿਕ ਲਿਮਟਿਡ ਕੰਪਨੀਆਂ ਦੁਆਰਾ ਆਪਣੇ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਸੇਵਾ ਪਛਾਣ ਪੱਤਰ, ਐਮ.ਪੀ.ਐਮ.ਐਲ ਨੂੰ ਜਾਰੀ ਪਛਾਣ ਪੱਤਰ ਅਤੇ ਅਪੰਗਤਾ ਪਛਾਣ ਪੱਤਰ ਦਿਖਾ ਕੇ ਵੀ ਆਪਣੀ ਵੋਟ ਪਾ ਸਕਦੇ ਹੋ।