ਕੁੜੀ ਨੇ 12 ਮੁੰਡਿਆਂ ਦੀ ਜ਼ਿੰਦਗੀ ਕੀਤੀ ਬਰਬਾਦ,ਨੌਜਵਾਨ ਨੇ ਇਨਸਾਫ਼ ਦੀ ਲਗਾਈ ਗੁਹਾਰ

ਪੰਜਾਬ : ਇਕ ਠੱਗ ਲੜਕੀ ਦੁਆਰਾ ਵਿਆਹ ਦਾ ਝਾਂਸਾ ਦੇ ਕੇ ਇਕ ਨਹੀਂ 2 ਨਹੀਂ ਸਗੋਂ 12 ਨੌਜਵਾਨਾਂ ਨਾਲ ਠੱਗੀ ਮਾਰਨ ਦਾ ਸਨਸਨੀਖੇਜ਼ ਮਾਮਲਾ (A Sensational Case) ਸਾਹਮਣੇ ਆਇਆ ਹੈ। ਸਿਮਰਨ (Simran) ਨਾਂ ਦੀ ਕੁੜੀ ਨੇ ਵਿਆਹ ਕਰਵਾ ਕੇ 12 ਮੁੰਡਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਇਸ ਦੌਰਾਨ ਉਕਤ ਠੱਗੀ ਦਾ ਸ਼ਿਕਾਰ ਹੋਏ ਮੁਕੇਸ਼ (Mukesh) ਨਾਮਕ ਨੌਜਵਾਨ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।ਮਾਮਲਾ ਪਟਿਆਲਾ ਦਾ ਹੈ, ਜਿੱਥੇ ਸਿਮਰਨ ਨਾਂ ਦੀ ਲੜਕੀ ਨੇ 12 ਵਾਰ ਵਿਆਹ ਕਰਵਾ ਕੇ ਨੌਜਵਾਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ। ਸਿਮਰਨ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਜਿਸ ਕਾਰਨ ਉਹ ਜੇਲ੍ਹ ਵੀ ਜਾ ਚੁੱਕੀ ਹੈ ਪਰ ਜੇਲ੍ਹ ਤੋਂ ਬਾਹਰ ਆ ਕੇ ਉਸ ਨੇ ਫਿਰ ਤੋਂ ਲੜਕਿਆਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ। ਹਿਸਾਰ ਦੇ ਰਹਿਣ ਵਾਲੇ ਮੁਕੇਸ਼ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਸਿਮਰਨ ਨੇ ਉਸ ਨਾਲ ਵਿਆਹ ਕਰਵਾਉਣ ਦੇ ਬਹਾਨੇ ਸਾਢੇ ਚਾਰ ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਮੁਕੇਸ਼ ਨੇ ਪਟਿਆਲਾ ਦੇ ਲਾਹੌਰੀ ਗੇਟ ਥਾਣਾ ਡਵੀਜ਼ਨ ਨੰਬਰ 4 ਵਿੱਚ ਉਸ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਪਰ ਪੁਲਿਸ ਉਸ ਦੀ ਕੋਈ ਸੁਣਵਾਈ ਨਹੀਂ ਕਰ ਰਹੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਹੈ।ਹੁਣ ਮੁਕੇਸ਼ ਨੇ ਸਿਮਰਨ ਅਤੇ ਉਸ ਦਾ ਵਿਆਹ ਕਰਵਾਉਣ ਵਾਲੇ ਵਿਚੋਲੇ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਮੁਕੇਸ਼ ਨੇ ਦੱਸਿਆ ਕਿ ਸਿਮਰਨ ਨੇ ਉਸ ਵਿਰੁੱਧ ਝੂਠਾ ਕੇਸ ਦਰਜ ਕਰਵਾਇਆ ਹੈ, ਜਿਸ ਕਾਰਨ ਉਹ ਪਿਛਲੇ ਢਾਈ ਸਾਲਾਂ ਤੋਂ ਪਟਿਆਲਾ ਵਿਚ ਘੁੰਮ ਰਿਹਾ ਹੈ। ਇਸ ਧੋਖੇਬਾਜ਼ ਲੜਕੀ ਕਾਰਨ ਉਹ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ ਅਤੇ ਉਸ ਦੇ ਪਿਤਾ ਦੀ ਵੀ ਪ੍ਰੇਸ਼ਾਨੀ ਕਾਰਨ ਮੌਤ ਹੋ ਚੁੱਕੀ ਹੈ। ਹੁਣ ਉਸ ਨੂੰ ਪਤਾ ਲੱਗਾ ਕਿ ਸਿਮਰਨ ਨੇ ਪਟਿਆਲੇ ਵਿਚ ਵੀ 10-12 ਵਿਆਹ ਕਰਵਾ ਲਏ ਹਨ। ਉਨ੍ਹਾਂ ਕਿਹਾ ਕਿ ਉਕਤ ਲੜਕੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।