ਕਪੂਰਥਲਾ ‘ਚ ਗੁਜਰਾਤ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ

ਕਪੂਰਥਲਾ: ਕਪੂਰਥਲਾ (Kapurthala) ਵਿੱਚ ਅੱਜ ਗੁਜਰਾਤ ਪੁਲਿਸ (The Gujarat Police) ਨੇ ਛਾਪੇਮਾਰੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਜਾਇਜ਼ ਸ਼ਰਾਬ (Illicit Liquor) ਦੇ ਇੱਕ ਮਾਮਲੇ ਨੂੰ ਲੈ ਕੇ ਗੁਜਰਾਤ ਪੁਲਿਸ ਕਪੂਰਥਲਾ ਪਹੁੰਚੀ ਸੀ। ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਗੁਜਰਾਤ ‘ਚ ਵੱਡੀ ਖੇਪ ਕਰੋੜਾਂ ਰੁਪਏ ਦੀ ਨਜਾਇਜ਼ ਸ਼ਰਾਬ ਦੀ ਫੜੀ ਗਈ ਸੀ, ਜਿਸ ਕਾਰਨ ਗੁਜਰਾਤ ਪੁਲਿਸ ਕਪੂਰਥਲਾ ਦੇਰ ਰਾਤ ਆਈ ਸੀ ।ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਗੁਜਰਾਤ ‘ਚ ਵੱਡੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਸੀ, ਜਾਂਚ ਦੌਰਾਨ ਇਸ ਦੇ ਸਬੰਧ ਕਪੂਰਥਲਾ ਦੇ ਕੁਝ ਲੋਕਾਂ ਨਾਲ ਜੁੜੇ ਪਾਏ ਗਏ ਸਨ। ਇਸ ਛਾਪੇਮਾਰੀ ਦੌਰਾਨ ਕਪੂਰਥਲਾ ਪੁਲਿਸ ਨੇ ਗੁਜਰਾਤ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ। ਇਸ ਛਾਪੇਮਾਰੀ ਦੌਰਾਨ ਕਪੂਰਥਲਾ ਦੇ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਇੱਕ ਵਿਅਕਤੀ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਵੀ ਕਾਬੂ ਕੀਤਾ ਗਿਆ ਹੈ।ਸੂਤਰਾਂ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਤੋਂ ਗੁਪਤ ਥਾਂ ‘ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਛਾਪੇਮਾਰੀ ਦੌਰਾਨ ਇੱਕ ਸ਼ਰਾਬ ਕਾਰੋਬਾਰੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਜੋ ਚਕਮਾ ਦੇ ਕੇ ਫਰਾਰ ਹੋ ਗਿਆ। ਫਿਲਹਾਲ ਪਰਿਵਾਰ ਸਮੇਤ ਕਾਰੋਬਾਰੀ ਰੂਪੋਸ਼ ਦੱਸੇ ਜਾਂਦੇ ਹਨ। ਸੂਤਰਾਂ ਤੋਂ ਪੂਰੀ ਜਾਣਕਾਰੀ ਮਿਲੀ ਹੈ, ਇਸ ਸਬੰਧੀ ਕੋਈ ਵੀ ਪੁਲਿਸ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ ਹੈ।