ਪੰਜਾਬ ‘ਚ ਇੱਕ ਵਾਰ ਮੁੜ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਪਟਿਆਲਾ : ਹਲਕਾ ਘਨੌਰ ਦੇ ਪਿੰਡ ਸੰਜਰਪੁਰ (Sanjarpur village) ਤੋਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਗੁਟਕਾ ਸਾਹਿਬ ਅਤੇ ਹਿੰਦੂ ਧਰਮ ਦੀਆਂ ਧਾਰਮਿਕ ਪੁਸਤਕਾਂ ਦੇ ਅੰਗ ਪਾੜ ਦਿੱਤੇ ਅਤੇ ਪਿੰਡ ਦੇ ਤਿੰਨ ਘਰਾਂ, ਗੁਰਦੁਆਰਾ ਸਾਹਿਬ ਦੇ ਬਾਹਰ ਅਤੇ ਨਾਲੀਆਂ ਵਿੱਚ ਸੁੱਟ ਦਿੱਤੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਘਨੌਰ ਦੇ ਐਸ.ਐਚ.ਓ. ਜਗਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਸੰਗਤਾਂ ਨੇ ਦੱਸਿਆ ਕਿ ਪਿੰਡ ਸੰਜਰਪੁਰ ਵਿਖੇ ਬੀਤੀ ਰਾਤ ਕਰੀਬ 2.30 ਵਜੇ ਇਸੇ ਪਿੰਡ ਦੇ ਚੂਹੜ ਸਿੰਘ ਪੁੱਤਰ ਨਰਿੰਦਰ ਸਿੰਘ (42 ਸਾਲ) ਨੇ ਗੁਟਕਾ ਸਾਹਿਬ ਅਤੇ ਹਿੰਦੂ ਧਰਮ ਦੀਆਂ ਧਾਰਮਿਕ ਪੁਸਤਕਾਂ ਦੇ ਕੁਝ ਅੰਗ ਪਾੜ ਦਿੱਤੇ ਅਤੇ ਪਿੰਡ ਦੇ ਸਰਪੰਚ ਜੋਧ ਸਿੰਘ, ਤੇਜਿੰਦਰ ਸਿੰਘ ਦੇ ਪਸ਼ੂਆਂ ਦੇ ਘਰਾਂ, ਅਜਾਇਬ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਨਾਲੀਆਂ ਵਿੱਚ ਸੁੱਟ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਜਦੋਂ ਸੇਵਾਦਾਰ ਦੁਪਹਿਰ 3.15 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਜਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਰਸਤੇ ਵਿੱਚ ਸੁੱਟੇ ਗਏ ਸਨ। ਜਿਨ੍ਹਾਂ ਨੂੰ ਇਕੱਠਾ ਕਰਕੇ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਲਿਆਂਦਾ ਗਿਆ। ਜਦੋਂ ਸਵੇਰੇ 7 ਵਜੇ ਸਿੱਖ ਸੰਗਤ ਇਕੱਠੀ ਹੋਈ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਨਰਿੰਦਰ ਸਿੰਘ ਜੋ ਕਿ ਸ਼ਮਸ਼ਾਨਘਾਟ ਵਿੱਚ ਅੱਗ ਬਾਲ ਕੇ ਬੈਠਾ ਸੀ, ਨੂੰ ਪਿੰਡ ਵਾਸੀਆਂ ਨੇ ਮੌਕੇ ’ਤੇ ਕਾਬੂ ਕਰਕੇ ਥਾਣਾ ਘਨੌਰ ਦੀ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਨਰਿੰਦਰ ਸਿੰਘ ਨੂੰ ਮੌਕੇ ‘ਤੇ ਹੀ ਥਾਣਾ ਘਨੌਰ ਦੇ ਹਵਾਲੇ ਕਰ ਦਿੱਤਾ ਗਿਆ।ਜਦੋਂ ਘਟਨਾ ਸਬੰਧੀ ਡੀ.ਐਸ.ਪੀ. ਘਨੌਰ ਬੂਟਾ ਸਿੰਘ ਨਾਲ ਫ਼ੋਨ ‘ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਸੰਜਰਪੁਰ ਵਿਖੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਸਬੰਧੀ ਤੁਰੰਤ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਅਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਥਾਣਾ ਘਨੌਰ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਐਫ.ਆਈ.ਆਰ. ਨੰ: 27 ਅਤੇ ਆਈ.ਪੀ.ਸੀ. ਦੀ ਧਾਰਾ 295 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ।