ਪੰਜਾਬ ਤੇ ਹਰਿਆਣਾ ਦੇ ਮੌਸਮ ਨੂੰ ਲੈ ਕੇ ਵਿਭਾਗ ਨੇ ਚੇਤਾਵਨੀ ਕੀਤੀ ਜਾਰੀ

ਪੰਜਾਬ : ਪੰਜਾਬ ਅਤੇ ਹਰਿਆਣਾ (Punjab and Haryana) ਦੇ ਮੌਸਮ ਨੂੰ ਲੈ ਕੇ ਵਿਭਾਗ ਨੇ 24 ਘੰਟਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ( The Meteorological Department) ਦਾ ਕਹਿਣਾ ਹੈ ਕਿ 20 ਅਤੇ 22 ਅਪ੍ਰੈਲ ਤੱਕ ਪੰਜਾਬ ਸਮੇਤ ਚੰਡੀਗੜ੍ਹ ਅਤੇ ਹਰਿਆਣਾ ‘ਚ ਕਈ ਥਾਵਾਂ ‘ਤੇ ਗਰਜ ਅਤੇ ਹਨੇਰੀ ਨਾਲ ਮੀਂਹ ਪੈ ਸਕਦਾ ਹੈ।ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਦੱਸ ਦਈਏ ਕਿ ਪੰਜਾਬ ਦੇ ਕਈ ਹਿੱਸਿਆਂ ‘ਚ ਤੇਜ਼ ਹਨੇਰੀ ਦੇ ਨਾਲ-ਨਾਲ ਭਾਰੀ ਮੀਂਹ ਵੀ ਪਿਆ ਹੈ। ਇਸ ਦੌਰਾਨ ਕਈ ਥਾਵਾਂ ’ਤੇ ਦਰੱਖਤ ਡਿੱਗ ਪਏ ਅਤੇ ਵਾਹਨ ਚਾਲਕਾਂ ਨੂੰ ਸੜਕਾਂ ’ਤੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਦੇ ਕਈ ਇਲਾਕਿਆਂ ਵਿੱਚ ਮੀਂਹ ਦੇ ਨਾਲ ਗੜੇ ਵੀ ਪਏ।ਤੁਹਾਨੂੰ ਇਹ ਵੀ ਦੱਸ ਦੇਈਏ ਕਿ ਵਿਸਾਖੀ ਦੇ ਤਿਉਹਾਰ ਤੋਂ ਬਾਅਦ ਗਰਮੀਆਂ ਦਾ ਮੌਸਮ ਜ਼ੋਰ ਫੜਦਾ ਜਾ ਰਿਹਾ ਸੀ ਅਤੇ ਦਿਨੋਂ-ਦਿਨ ਤਾਪਮਾਨ ਵਧਦਾ ਹੀ ਜਾ ਰਿਹਾ ਸੀ, ਜਿਸ ਕਾਰਨ ਆਮ ਲੋਕ ਗਰਮੀ ਤੋਂ ਬਚਣ ਲੱਗ ਪਏ ਸਨ ਪਰ ਬੀਤੇ ਦਿਨ ਬਾਅਦ ਦੁਪਹਿਰ ਅਚਾਨਕ ਤੇਜ਼ ਮੀਂਹ ਪੈ ਗਿਆ। ਮੌਸਮ ਵੀ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਈ। ਬੇਸ਼ੱਕ ਮੀਂਹ ਰੁਕ ਗਿਆ ਸੀ ਪਰ ਕਣਕ ਦੀ ਵਾਢੀ ਕਾਰਨ ਕਿਸਾਨ ਭਾਰੀ ਚਿੰਤਾ ਵਿੱਚ ਹਨ।