ਮਰਹੂਮ ਸੰਤੋਖ ਚੌਧਰੀ ਦੀ ਪਤਨੀ ਤੇ ਤੇਜਿੰਦਰ ਪਾਲ ਸਿੰਘ ਬਿੱਟੂ ਭਾਜਪਾ ‘ਚ ਹੋਏ ਸ਼ਾਮਲ

ਜਲੰਧਰ : ਪੰਜਾਬ ‘ਚ ਲੋਕ ਸਭਾ ਚੋਣਾਂ (Lok Sabha elections) ਦੌਰਾਨ ਕਾਂਗਰਸ ਨੂੰ ਝਟਕਿਆਂ ਤੋਂ ਬਾਅਦ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ‘ਚ ਨੇਤਾਵਾਂ ਦਾ ਵੱਖ-ਵੱਖ ਪਾਰਟੀਆਂ ‘ਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਚੰਨੀ ਨੂੰ ਜਲੰਧਰ ਤੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਜਲੰਧਰ ਉਪ ਚੋਣ ਵਿਚ ਪਾਰਟੀ ਦੇ ਉਮੀਦਵਾਰ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ (Karamjit Kaur) ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਹੀ ਸੀਨੀਅਰ ਆਗੂ ਤੇਜਿੰਦਰ ਪਾਲ ਸਿੰਘ ਬਿੱਟੂ (Tejinder Pal Singh Bittu) ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ। ਇਥੇ ਦੱਸਣਯੋਗ ਹੈ ਕਿ ਜਲੰਧਰ ਤੋਂ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣ ਦੀ ਟਿਕਟ ਨਾ ਮਿਲਣ ਕਰਕੇ ਚੌਧਰੀ ਪਰਿਵਾਰ ਨਾਰਾਜ਼ ਚੱਲ ਰਿਹਾ ਸੀ।ਸੰਤੋਖ ਸਿੰਘ ਚੌਧਰੀ ਦੀ ਮੌਤ ਮਗਰੋਂ 2023 ਵਿਚ ਹੋਈ ਜ਼ਿਮਨੀ ਚੌਣ ਦੌਰਾਨ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਿੱਤੀ ਸੀ, ਜਿਸ ਵਿਚ ਉਹ ਸੁਸ਼ੀਲ ਰਿੰਕੂ ਤੋਂ ਹਾਰ ਗਏ ਸਨ। ਇਸ ਵਾਰ ਕਾਂਗਰਸ ਦੀ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਤੋਂ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ, ਜਿਸ ਕਰਕੇ ਚੌਧਰੀ ਪਰਿਵਾਰ ਨਾਰਾਜ਼ ਚੱਲ ਰਿਹਾ ਸੀ। ਉਥੇ ਹੀ ਬੇਸ਼ੱਕ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਭਾਜਪਾ ਵਿਚ ਸ਼ਾਮਲ ਹੋ ਗਏ ਪਰ ਉਨ੍ਹਾਂ ਦੇ ਬੇਟੇ ਵਿਕਰਮਜੀਤ ਸਿੰਘ ਚੌਧਰੀ ਕਾਂਗਰਸ ਪਾਰਟੀ ਵਿਚ ਹੀ ਹਨ, ਜੋਕਿ ਫਿਲੌਰ ਤੋਂ ਵਿਧਾਇਕ ਹਨ।