ਪ੍ਰਾਈਵੇਟ ਸਕੂਲ ਦੀ ਬੱਸ ਤੇ ਟਰੱਕ ਵਿਚਾਲੇ ਹੋਈ ਟੱਕਰ, 14 ਬੱਚੇ ਜ਼ਖਮੀ

ਬਰਨਾਲਾ : ਚੰਡੀਗੜ੍ਹ (Chandigarh) ਮੁੱਖ ਮਾਰਗ ਤੇ ਧਨੌਲਾ (Dhanula) ਨਜ਼ਦੀਕ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜ਼ਖਮੀ ਹੋ ਗਏ। ਜਿਨਾਂ ਨੂੰ ਰਾਹਗੀਰਾਂ ਵੱਲੋਂ ਅਤੇ ਐਂਬੂਲੈਂਸ ਦੀ ਮਦਦ ਸਦਕਾ ਸਿਵਲ ਹਸਪਤਾਲ ਧਨੌਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਗ੍ਰੀਨ ਫੀਲਡ ਕੌਨਵੈਂਟ ਸਕੂਲ ਦਾਨਗੜ ਦੀ ਸਕੂਲੀ ਬੱਸ ਜੋ ਪਿੰਡ ਪੰਧੇਰ ਤੋਂ ਚੱਲ ਕੇ ਵੱਖ ਵੱਖ ਪਿੰਡਾਂ ਵਿੱਚੋਂ ਬੱਚੇ ਲੈ ਕੇ ਰਾਸ਼ਟਰੀ ਮਾਰਗ ਤੋਂ ਆਉਂਦੀ ਹੋਈ ਪਿੰਡ ਦਾਨਗੜ ਜਾ ਰਹੀ ਸੀ, ਜਿਵੇਂ ਹੀ ਪਿੰਡ ਭੱਠਲਾਂ ਤੇ ਧਨੌਲਾ ਨੂੰ ਜਾ ਰਹੇ ਰਸਤੇ ਕੋਲ ਪਹੁੰਚੀ ਤਾਂ ਇੱਕ ਟਰੱਕ ਜੋ ਕਿ ਪਿੰਡ ਭੱਠਲਾਂ ਤੋਂ ਧਨੌਲਾ ਨੂੰ ਜਾ ਰਿਹਾ ਸੀ, ਸੜਕ ਪਾਰ ਕਰ ਰਿਹਾ ਸੀ ਤਾਂ ਸਕੂਲੀ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਟਰੱਕ ਨਾਲ ਟਕਰਾ ਗਈ।ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬਿਲਕੁੱਲ ਚਕਨਾ ਚੂਰ ਹੋ ਗਿਆ, ਬੱਸ ਦੇ ਡਰਾਈਵਰ, ਅਤੇ ਹੇਲਪਰ ਮਹਿਲਾ ਸਮੇਤ 14 ਦੇ ਕਰੀਬ ਬੱਚੇ ਜ਼ਖਮੀ ਹੋ ਗਏ। ਜਿਨਾਂ ਨੂੰ ਰਾਹਗੀਰਾਂ ਅਤੇ ਪੁਲਿਸ ਪਾਰਟੀ ਨੇ ਐਮਬੂਲੈਂਸ ਅਤੇ ਵੱਖ ਵੱਖ ਸਾਧਨਾ ਰਾਂਹੀ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਹਾਜ਼ਰ ਐਮਰਜੈਂਸੀ ਡਾਕਟਰ ਮਹਿਤਾ ਵੱਲੋਂ ਆਪਣੀ ਟੀਮ ਸਮੇਤ ਚੈੱਕਅਪ ਕੀਤਾ, ਜਿਸ ਵਿਚੋਂ ਚਾਰ ਗੰਭੀਰ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਰੈਫਰ ਕੀਤਾ ਗਿਆ। ਬਾਕੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ। ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਸਕੂਲੀ ਬੱਸ ਦੀ ਰਫ਼ਤਾਰ ਜਿਆਦਾ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ।