ਇੰਨ੍ਹਾਂ ਦੋ “ਆਪ” ਉਮੀਦਵਾਰਾਂ ਨੇ ਫੜਿਆ “ਭਾਜਪਾ” ਦਾ ਪੱਲਾ

ਲੁਧਿਆਣਾ : ਇਕ ਪਾਸੇ ‘ਆਪ’ ਹਾਈਕਮਾਂਡ ਇਕਜੁੱਟ ਹੋ ਕੇ ਨੇਤਾਵਾਂ ਨੂੰ ਲੋਕ ਸਭਾ ਚੋਣਾਂ ‘ਚ ਕੰਮ ਕਰਨ ਦਾ ਸਬਕ ਸਿਖਾ ਰਹੀ ਹੈ, ਇਸ ਦੇ ਉਲਟ ਲੁਧਿਆਣਾ ‘ਚ ‘ਆਪ’ ਉਮੀਦਵਾਰ ਦੇ ਨਾਂ ਦਾ ਐਲਾਨ ਹੋਣ ਤੋਂ 2 ਦਿਨ ਬਾਅਦ ਹੀ ਪੁਰਾਣੇ ਵਲੰਟੀਅਰਾਂ ਨੇ ‘ਆਪ’ ਨੂੰ ਅਲਵਿਦਾ ਕਹਿ ਦਿੱਤਾ।ਇਸੇ ਲੜੀ ਤਹਿਤ ਪਹਿਲਾਂ ਹੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਾਬਕਾ ਜ਼ਿਲ੍ਹਾ ਸਕੱਤਰ ਵਿਸ਼ਾਲ ਅਵਸਥੀ ਨੇ ਬੀਤੇ ਦਿਨ ‘ਆਪ’ ਦਾ ਝਾੜੂ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ। ਉਨ੍ਹਾਂ ਦੇ ਨਾਲ ਵਾਰਡ ਇੰਚਾਰਜ ਆਸ਼ੂ ਭਾਰਤੀ ਵੀ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ।ਦੱਸਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਦੋਵੇਂ ਆਗੂ ਪਿਛਲੇ ਕੁਝ ਦਿਨਾਂ ਤੋਂ ਨਾਰਾਜ਼ ਸਨ। ਪਾਰਟੀ ਨੇ ਕੁਝ ਸਮਾਂ ਪਹਿਲਾਂ ਵਿਸ਼ਾਲ ਅਵਸਥੀ ਨੂੰ ਜ਼ਿਲ੍ਹਾ ਸਕੱਤਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਸੀ, ਜਿਸ ਤੋਂ ਬਾਅਦ ਅਵਸਥੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹੇ।ਅੱਜ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਹਾਜ਼ਰੀ ਵਿੱਚ ਅਵਸਥੀ ਅਤੇ ਭਾਰਤੀ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ। ਦੋਵਾਂ ਪੁਰਾਣੇ ਵਰਕਰਾਂ ਦੀਆਂ ਸ਼ਾਮਲ ਹੋਣ ਦੀਆਂ ਤਸਵੀਰਾਂ ਅੱਜ ਸਾਰੇ ‘ਆਪ’ ਗਰੁੱਪਾਂ ਵਿੱਚ ਵਾਇਰਲ ਹੋ ਗਈਆਂ।