ਸੈਲੂਨ ਮਾਲਕ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਪੰਜਾਬ : ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਖਾਨਪੁਰ-ਮਨਵਾਲ ਦੇ ਝੁੰਬਰ ਸਥਾਨ ‘ਤੇ ਇਕ ਖਾਲੀ ਪਲਾਟ ‘ਚ ਦਿਨ-ਦਿਹਾੜੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਅੱਧੀ ਦਰਜਨ ਦੇ ਕਰੀਬ ਹਮਲਾਵਰਾਂ ਨੇ ਸੈਲੂਨ ਮਾਲਕ ਪੰਕਜ ਉਰਫ਼ ਪੰਕੂ ਵਾਸੀ ਕੋਠੇ ਮਨਵਾਲ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਜਦੋਂ ਕਿ ਉਸਦੇ ਨਾਲ ਰਹਿਣ ਵਾਲਾ ਨੌਜਵਾਨ ਵਿੱਕੀ ਵਾਲ-ਵਾਲ ਬਚ ਗਿਆ,ਜੋ ਨਾਲ ਦੇ ਮੁਹੱਲੇ ਦਾ ਰਹਿਣ ਵਾਲਾ ਸੀ।ਹਮਲੇ ਤੋਂ ਬਾਅਦ ਪੰਕੂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਪਰ ਜਦੋਂ ਉਸ ਦੀ ਈਸੀਜੀ ਕੀਤੀ ਗਈ ਤਾਂ ਉਹ ਮ੍ਰਿਤਕ ਪਾਇਆ ਗਿਆ, ਜਿਸ ਤੋਂ ਬਾਅਦ ਉਸ ਦੇ ਨਾਲ ਆਏ ਹੋਰ ਨੌਜਵਾਨ ਉਸ ਨੂੰ ਨਿੱਜੀ ਹਸਪਤਾਲ ਲੈ ਗਏ। ਦਿਨ ਦਿਹਾੜੇ ਹੋਏ ਇਸ ਕਤਲ ਨੇ ਆਸ-ਪਾਸ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਕਤਲ ਦਾ ਮਾਮਲਾ ਸਾਹਮਣੇ ਆਉਂਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਡੀ.ਐਸ.ਪੀ. ਦਿਹਾਤੀ ਲਖਵਿੰਦਰ ਸਿੰਘ ਰੰਧਾਵਾ, ਐੱਸ.ਐੱਚ.ਓ. ਦਵਿੰਦਰ ਪ੍ਰਕਾਸ਼ ਮੌਕੇ ‘ਤੇ ਜਾ ਕੇ ਮੁਆਇਨਾ ਕਰਨ ਪੁੱਜੇ, ਜਿੱਥੇ ਹਰ ਪਾਸੇ ਖੂਨ ਹੀ ਖੂਨ ਸੀ। ਮ੍ਰਿਤਕ ਦੇ ਸਾਥੀ ਵੱਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।