ਸਕੂਲ ਜਾਂਦੇ ਸਮੇਂ ਮਾਪਿਆਂ ਦੇ 17 ਸਾਲਾ ਇਕਲੌਤੇ ਪੁੱਤਰ ਦੀ ਹੋਈ ਮੌਤ

ਤਰਨਤਾਰਨ : ਤਰਨਤਾਰਨ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿੱਥੇ ਮਾਪਿਆਂ ਦੇ 17 ਸਾਲਾ ਇਕਲੌਤੇ ਪੁੱਤਰ ਜਗਮੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਮੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਈਮਾ ਕਲਾਂ ਵਜੋਂ ਹੋਈ ਹੈ, ਜੋ ਤਰਨਤਾਰਨ ਦੇ ਇੱਕ ਨਿੱਜੀ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਜਗਮੀਤ ਅੱਜ ਸਵੇਰੇ ਸਕੂਲ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ।ਰਿਸ਼ਤੇਦਾਰਾਂ ਅਨੁਸਾਰ ਅੱਜ ਸਵੇਰੇ ਜਦੋਂ ਜਗਮੀਤ ਸਿੰਘ ਮੋਟਰਸਾਈਕਲ ’ਤੇ ਤਰਨਤਾਰਨ ਸਕੂਲ ਆ ਰਿਹਾ ਸੀ ਤਾਂ ਉਸ ਨਾਲ ਹਾਦਸਾ ਵਾਪਰ ਗਿਆ। ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਤੱਕ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ।ਦੱਸਿਆ ਜਾ ਰਿਹਾ ਹੈ ਕਿ ਸੜਕ ‘ਤੇ ਡਿੱਗਣ ਕਾਰਨ ਜਗਮੀਤ ਸਿੰਘ ਦੇ ਸਿਰ ‘ਤੇ ਡੂੰਘੀ ਸੱਟ ਲੱਗ ਗਈ ਅਤੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਗਮੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਇਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।