ਤਰਨਤਾਰਨ ‘ਚ ਇਕ ਮਸ਼ਹੂਰ ਗੈਂਗਸਟਰ ਦੇ ਹਸਪਤਾਲ ‘ਚੋਂ ਹੋਇਆ ਫਰਾਰ

ਤਰਨਤਾਰਨ : ਤਰਨਤਾਰਨ ‘ਚ ਇਕ ਮਸ਼ਹੂਰ ਗੈਂਗਸਟਰ ਦੇ ਹਸਪਤਾਲ ‘ਚੋਂ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੈਂਗਸਟਰ ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ ਵਾਸੀ ਪਿੰਡ ਸੰਘਾ ਜ਼ਿਲ੍ਹਾ ਤਰਨਤਾਰਨ ਜੋ ਕਿ ਸਿਵਲ ਹਸਪਤਾਲ ਤਰਨਤਾਰਨ ਵਿਖੇ ਪੁਲਿਸ ਸੁਰੱਖਿਆ ਹੇਠ ਜ਼ੇਰੇ ਇਲਾਜ ਸੀ ਜੋ ਕਿ ਬੀਤੀ ਰਾਤ 2 ਵਜੇ ਫ਼ਰਾਰ ਹੋ ਗਿਆ।ਦੱਸ ਦਈਏ ਕਿ ਇਸ ਗੈਂਗਸਟਰ ਨੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਲੁੱਟਮਾਰ ਕਰਦੇ ਸਮੇਂ ਇਕ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰ ਦਿੱਤੀ ਸੀ। ਉਸ ਖ਼ਿਲਾਫ਼ ਲੁੱਟ-ਖੋਹ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਵੱਡੀ ਗਿਣਤੀ ਵਿੱਚ ਕੇਸ ਦਰਜ ਹਨ। ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਇੱਕ ਮੁਕਾਬਲੇ ਦੌਰਾਨ ਰਾਜੂ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਉਸ ਦੀ ਲੱਤ ‘ਚ ਗੋਲੀ ਲੱਗੀ। ਉਹ ਬਿਮਾਰ ਹੋਣ ਦੇ ਬਹਾਨੇ ਕੁਝ ਦਿਨਾਂ ਤੋਂ ਸਿਵਲ ਹਸਪਤਾਲ ਤਰਨਤਾਰਨ ਵਿੱਚ ਜ਼ੇਰੇ ਇਲਾਜ ਸੀ।ਬੀਤੀ ਰਾਤ ਉਸ ਦੇ ਨਾਲ ਕਮਰੇ ਵਿੱਚ ਦੋ ਹੋਰ ਦੋਸਤ ਵੀ ਬਿਨਾਂ ਇਜਾਜ਼ਤ ਦੇ ਮੌਜੂਦ ਸਨ। ਇੱਕ ਤੀਜੇ ਸਾਥੀ ਜਿਸ ਕੋਲ ਪਿਸਤੌਲ ਸੀ, ਦੀ ਮਦਦ ਨਾਲ ਰਾਤ ਦੇ 2 ਵਜੇ ਹਸਪਤਾਲ ਦੇ ਕਮਰੇ ਵਿੱਚ ਦਾਖਲ ਹੋ ਕੇ ਫਿਲਮੀ ਅੰਦਾਜ਼ ਵਿੱਚ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਉਸ ਨੇ ਸੁਰੱਖਿਆ ਲਈ ਤਾਇਨਾਤ ਇਕ ਪੁਲਿਸ ਮੁਲਾਜ਼ਮ ਨੂੰ ਵੀ ਬੰਧਕ ਬਣਾ ਲਿਆ ਅਤੇ ਕਮਰੇ ਨੂੰ ਬਾਹਰੋਂ ਤਾਲਾ ਲਾ ਦਿੱਤਾ। ਇਸ ਤੋਂ ਬਾਅਦ ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਕਰਮਚਾਰੀ ਦਰਵਾਜ਼ਾ ਤੋੜ ਕੇ ਬਾਹਰ ਨਿਕਲਿਆ। ਇਸ ਦੌਰਾਨ ਰਾਤ ਸਮੇਂ ਡਿਊਟੀ ’ਤੇ ਦੋ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸਨ, ਜੋ ਕਿ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ।