ਜਾਅਲੀ ਦਸਤਾਵੇਜ਼ ਤਿਆਰ ਕਰਕੇ ਲੋਕਾਂ ਦੀ ਜ਼ਮਾਨਤ ਕਰਵਾਉਣ ਵਾਲੇ 2 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਫਗਵਾੜਾ : ਜ਼ਿਲ੍ਹਾ ਕਪੂਰਥਲਾ (District Kapurthala) ਦੇ ਐੱਸ. ਵਤਸਲਾ ਗੁਪਤਾ ਦੀ ਅਗਵਾਈ ਹੇਠ ਫਗਵਾੜਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਜਾਅਲੀ ਮੋਹਰਾਂ ਸਮੇਤ ਕਾਬੂ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ, ਡੀ.ਐਸ.ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਤਿੰਦਰ ਸਿੰਘ ਉਰਫ਼ ਸੋਨੂੰ ਸੂਦ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਪੰਜਾਟਾ ਥਾਣਾ ਰਾਵਲਪਿੰਡੀ ਅਤੇ ਅਵਜਿੰਦਰ ਸਿੰਘ ਉਰਫ਼ ਰਾਜਾ ਪੁੱਤਰ ਗੁਰਦੇਵ ਸਿੰਘ ਵਾਸੀ ਅਰਜਨਵਾਲ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਨੂੰ ਗਿ੍ਫ਼ਤਾਰ ਕਰਕੇ 3 ਜਾਅਲੀ ਸਟੈਂਪ ਬਰਾਮਦ ਕੀਤੇ।ਐੱਸ.ਪੀ. ਫਗਵਾੜਾ ਨੇ ਦੱਸਿਆ ਕਿ ਮੁਲਜ਼ਮ ਅਵਜਿੰਦਰ ਸਿੰਘ ਉਰਫ਼ ਰਾਜਾ ਜਾਅਲੀ ਦਸਤਾਵੇਜ਼ ਤਿਆਰ ਕਰਕੇ ਲੋਕਾਂ ਦੀ ਜ਼ਮਾਨਤ ਕਰਵਾ ਲੈਂਦਾ ਹੈ। ਮੁਲਜ਼ਮ ਜਤਿੰਦਰ ਸਿੰਘ ਉਰਫ਼ ਸੋਨੂੰ ਸੂਦ ਜੋ ਪਹਿਲਾਂ ਹੀ ਧੋਖਾਧੜੀ ਦੇ ਇੱਕ ਕੇਸ ਵਿੱਚ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ, ਨੇ ਖੁਲਾਸਾ ਕੀਤਾ ਹੈ ਕਿ ਉਸ ਦੀ ਮਾਂ ਨੇ ਮੁਲਜ਼ਮ ਅਵਜਿੰਦਰ ਸਿੰਘ ਉਰਫ਼ ਰਾਜਾ ਨੂੰ 12000 ਰੁਪਏ ਦਿੱਤੇ ਸਨ। ਪੁਲਿਸ ਤਫ਼ਤੀਸ਼ ਦੌਰਾਨ ਮੁਲਜ਼ਮ ਅਵਜਿੰਦਰ ਸਿੰਘ ਨੇ ਪੁਲਿਸ ਕੋਲ ਖੁਲਾਸਾ ਕੀਤਾ ਹੈ ਕਿ ਜਤਿੰਦਰ ਸੂਦ ਦੀ ਜਮਾਨਤ ਕਰਵਾਉਣ ਲਈ ਮਨਵੀਰ ਸਿੰਘ ਉਰਫ ਮੰਗੂ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 9 ਜਵਾਹਰ ਨਗਰ ਆਦਮਪੁਰ ਜ਼ਿਲ੍ਹਾ ਜਲੰਧਰ ਜੋ ਵਰਤਮਾਨ ‘ਚ ਕਪੂਰਥਲਾ ਜੇਲ੍ਹ ‘ਚ ਬੰਦ ਹੈ ਵੀ ਸ਼ਾਮਿਲ ਹੈ।ਇਹ ਉਹੀ ਹੈ ਜਿਸ ਨੇ ਕਪੂਰਥਲਾ ਜੇਲ੍ਹ ਵਿੱਚ ਬੰਦ ਮੁਲਜ਼ਮ ਜਤਿੰਦਰ ਸਿੰਘ ਉਰਫ਼ ਸੋਨੂੰ ਸੂਦ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਹਨ। ਇਨ੍ਹਾਂ ਦੇ ਨਾਲ ਕੁਲਦੀਪ ਸਿੰਘ ਉਰਫ ਸਾਬੀ ਵਾਸੀ ਮਹਿਤਪੁਰ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਵੀ ਸ਼ਾਮਲ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 420,465,,468,471,205,120ਬੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।