ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ,ਮਚੀ ਹਫੜਾ-ਦਫੜੀ

ਖੰਨਾ : ਪਿੰਡ ਸ਼ਾਹਪੁਰ ਨੇੜੇ ਬੀਤੀ ਦੇਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ,ਗੱਡੀ ਦਾ ਡਰਾਇਵਰ ਬਾਲ-ਬਾਲ ਬਚ ਗਿਆ ਅਤੇ ਖੁਦ ਨੂੰ ਬਾਹਰ ਕੱਢ ਲਿਆ। ਜਾਣਕਾਰੀ ਅਨੁਸਾਰ ਮਨਦੀਪ ਸ਼ਰਮਾ ਵਾਸੀ ਘੁਰਾਣੀ ਸਕੋਡਾ ਕਾਰ ਚਲਾ ਰਿਹਾ ਸੀ। ਉਹ ਮੈਕਡੋਨਲਡ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ।ਸ਼ਾਹਪੁਰ ਪਿੰਡ ਨੇੜੇ ਉਸ ਨੇ ਕਾਰ ਦੇ ਇੰਜਣ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਤੁਰੰਤ ਕਾਰ ਰੋਕ ਲਈ। ਮਨਦੀਪ ਨੇ ਤੁਰੰਤ ਇਸ ਦੀ ਸੂਚਨਾ ਪਿੰਡ ਦੇ ਲੋਕਾਂ ਨੂੰ ਦਿੱਤੀ। ਉਸ ਸਮੇਂ ਗੁਰਦੁਆਰਾ ਸਾਹਿਬ ‘ਚ ਐਲਾਨ ਹੋ ਗਿਆ ਅਤੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਲੋਕਾਂ ਨੇ ਹਿੰਮਤ ਜੁਟਾ ਕੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਲੋਕਾਂ ਦੀ ਸਖ਼ਤ ਮਿਹਨਤ ਸਦਕਾ ਕਾਰ ਦੇ ਨੇੜੇ ਪਈ ਸੈਂਕੜੇ ਏਕੜ ਕਣਕ ਦੀ ਫ਼ਸਲ ਤਬਾਹ ਹੋਣ ਤੋਂ ਬਚ ਗਈ ।ਮੌਕੇ ‘ਤੇ ਪਹੁੰਚੇ ਐੱਸ.ਐੱਚ.ਓ. ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਕਾਫੀ ਸਹਿਯੋਗ ਦਿੱਤਾ, ਜਿਸ ਕਾਰਨ ਫਸਲ ਨੂੰ ਅੱਗ ਲੱਗਣ ਤੋਂ ਬਚਾਅ ਹੋ ਗਿਆ ਅਤੇ ਕਾਰ ਚਾਲਕ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ, ਹਾਲਾਂਕਿ ਕਾਰ ਦੇ ਇੰਜਣ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਪਰ ਲੋਕਾਂ ਦੇ ਸਹਿਯੋਗ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ।