ਪੰਜਾਬ ਦੇ ਇਸ ਜ਼ਿਲ੍ਹੇ ‘ਚ ਗੈਸ ਸਿਲੰਡਰ ਫਟਣ ਨਾਲ ਹੋਇਆ ਵੱਡਾ ਧਮਾਕਾ

ਸ੍ਰੀ ਮੁਕਤਸਰ ਸਾਹਿਬ : ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ (Shri Muktsar Sahib) ਦੇ ਇੱਕ ਘਰ ਦੀ ਰਸੋਈ ਵਿੱਚ ਅਚਾਨਕ ਗੈਸ ਸਿਲੰਡਰ (gas cylinder) ਫਟ ਗਿਆ। ਇਸ ਦੌਰਾਨ ਘਰ ਦੀ ਛੱਤ ਉੱਡ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਰੋਡ ਵਾਸੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਗੈਸ ‘ਤੇ ਦੁੱਧ ਗਰਮ ਕਰਨ ਲੱਗਾ ਤਾਂ ਅਚਾਨਕ ਗੈਸ ਸਿਲੰਡਰ ਫਟ ਗਿਆ ਅਤੇ ਰਸੋਈ ਦੀ ਛੱਤ ਉੱਡ ਗਈ। ਘਰ ਦੀਆਂ ਕੰਧਾਂ ਵਿੱਚ ਤਰੇੜਾਂ ਨਜ਼ਰ ਆਈਆਂ। ਰਸੋਈ ਵਿੱਚ ਰੱਖਿਆ ਫਰਿੱਜ ਅਤੇ ਹੋਰ ਸਾਮਾਨ ਸੜ ਗਿਆ।ਉਸ ਦੇ ਹੱਥ-ਪੈਰ ਬੁਰੀ ਤਰ੍ਹਾਂ ਸੜ ਗਏ ਹਨ। ਅਚਾਨਕ ਹੋਏ ਧਮਾਕੇ ਨਾਲ ਆਸ-ਪਾਸ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਦੀਪ ਸਿੰਘ ਅਨੁਸਾਰ ਉਸ ਦਾ ਕਰੀਬ 7-8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਆਂਢ-ਗੁਆਂਢ ਦੇ ਲੋਕਾਂ ਮੁਤਾਬਕ ਜਦੋਂ ਸਵੇਰੇ ਅਚਾਨਕ ਇਕ ਵੱਡਾ ਧਮਾਕਾ ਹੋਇਆ ਤਾਂ ਸਭ ਕੁਝ ਉਨ੍ਹਾਂ ਦੀ ਸਮਝ ਤੋਂ ਬਾਹਰ ਹੋ ਗਿਆ ਪਰ ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਧਮਾਕਾ ਇਸ ਘਰ ‘ਚ ਲੱਗੇ ਸਿਲੰਡਰ ਦੇ ਫੱਟਣ ਕਾਰਨ ਹੋਇਆ ਹੈ। ਉਨ੍ਹਾਂ ਦੇਖਿਆ ਕਿ ਘਰ ਦਾ ਮਾਲਕ ਹੱਥਾਂ ਤੋਂ ਪੈਰਾਂ ਤੱਕ ਸੜਿਆ ਹੋਇਆ ਸੀ ਅਤੇ ਘਰ ਦੀ ਛੱਤ ਉੱਡ ਗਈ ਸੀ।