ਜਲੰਧਰ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ‘ਆਪ’ ਵਰਕਰਾਂ ‘ਤੇ FIR ਕੀਤੀ ਦਰਜ

ਜਲੰਧਰ : ਆਮ ਆਦਮੀ ਪਾਰਟੀ ਦੇ ਲੋਕ ਸਭਾ ਵਿੱਚ ਇਕਲੌਤੇ ਮੈਂਬਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਅਤੇ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ (AAP MLA Sheetal Angural) ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਹੈ। ਇਸ ਦੇ ਵਿਰੋਧ ਵਿੱਚ ‘ਆਪ’ ਵਰਕਰਾਂ ਨੇ ਦਾਨਿਸ਼ਮੰਦਾਂ ਕਲੋਨੀ ਦੇ ਬਾਬੂ ਜਗਜੀਵਨ ਰਾਮ ਚੌਕ ਵਿੱਚ ਧਰਨਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਬੋਰਡ ਵੀ ਪਾੜ ਦਿੱਤੇ।ਇਸ ‘ਤੇ ਕਾਰਵਾਈ ਕਰਦੇ ਹੋਏ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਪ੍ਰਦਰਸ਼ਨ ‘ਚ ਸ਼ਾਮਲ ਕਈ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪ੍ਰਦਰਸ਼ਨ ‘ਚ ਸ਼ਾਮਲ ਕਈ ਲੋਕਾਂ ਦੇ ਖ਼ਿਲਾਫ਼ ਪੁਲਿਸ ਥਾਣਾ ਨੰਬਰ 5 ‘ਚ ਡੈਮੇਜ ਟੂ ਪ੍ਰਾਪਰਟੀ ਐਕਟ ਦੀ ਧਾਰਾ 282 ਅਤੇ 447 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਿਟੀ ਪੁਲਿਸ ਨੇ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ ਘਰ ਅਤੇ ਦਫ਼ਤਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਸੀ।