ਫ਼ਿਰੋਜ਼ਪੁਰ ‘ਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਸਤਲੁਜ ਦਰਿਆ ਦੇ ਇਲਾਕੇ ‘ਚ ਪੁਲਿਸ ਨੇ ਕੀਤੀ ਛਾਪੇਮਾਰੀ 

ਫ਼ਿਰੋਜ਼ਪੁਰ : ਫ਼ਿਰੋਜ਼ਪੁਰ (Ferozepur) ਵਿੱਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਸਤਲੁਜ ਦਰਿਆ ਦੇ ਇਲਾਕੇ ਵਿੱਚ ਐਸ.ਐਸ.ਪੀ ਸੌਮਿਆ ਮਿਸ਼ਰਾ (SSP Soumya Mishra) ਦੇ ਦਿਸ਼ਾ ਨਿਰਦੇਸ਼ਾਂ ਹੇਠ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਡੀ.ਐਸ.ਪੀ ਬਲਕਾਰ ਸਿੰਘ, ਡੀ.ਐਸ.ਪੀ ਸਿਟੀ ਸੁਖਵਿੰਦਰ ਸਿੰਘ, ਐਕਸਾਈਜ਼ ਇੰਸਪੈਕਟਰ ਕਰਨਦੀਪ ਸਿੰਘ ਰੋਮਾਣਾ ਅਤੇ ਜਸਵੰਤ ਸਿੰਘ ਐਸ.ਐਚ.ਓ ਸਦਰ ਫ਼ਿਰੋਜ਼ਪੁਰ ਦੀ ਅਗਵਾਈ ਵਿੱਚ ਗਠਿਤ ਟੀਮਾਂ ਵੱਲੋਂ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ ਇਨਵੈਸਟੀਗੇਸ਼ਨ ਫ਼ਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਦੇਖ ਕੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਹੇ ਵਿਅਕਤੀ ਉਥੋਂ ਭੱਜ ਗਏ, ਜਦਕਿ ਪੁਲਿਸ ਨੇ ਵੱਡੀ ਮਾਤਰਾ ‘ਚ ਲਾਹਣ, ਨਜਾਇਜ਼ ਸ਼ਰਾਬ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਦੋਂ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਦੁਲਚੀਕੇ ਦੇ ਇਲਾਕੇ ‘ਚ ਪਹੁੰਚੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸਤਲੁਜ ਦਰਿਆ ਨੇੜੇ ਪਿੰਡ ਅਲੀਕੇ ਦੇ ਇਲਾਕੇ ਵਿੱਚ ਕੁਝ ਵਿਅਕਤੀ ਨਾਜਾਇਜ਼ ਸ਼ਰਾਬ ਤਿਆਰ ਕਰ ਰਹੇ ਹਨ।ਇਸ ਗੁਪਤ ਸੂਚਨਾ ਦੇ ਆਧਾਰ ’ਤੇ ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਉਥੋਂ 32 ਹਜ਼ਾਰ 800 ਲੀਟਰ ਸ਼ਰਾਬ, 90 ਬੋਤਲਾਂ ਨਾਜਾਇਜ਼ ਸ਼ਰਾਬ, 14 ਤਰਪਾਲਾਂ ਅਤੇ 4 ਲੋਹੇ ਦੇ ਡਰੰਮ ਬਰਾਮਦ ਹੋਏ। ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਫਰਾਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।