ਫਗਵਾੜਾ ਦੇ ਇਕ ਘਰ ‘ਚੋਂ ਸ਼ੱਕੀ ਹਾਲਾਤਾਂ ‘ਚ ਮਿਲੀਆਂ ਪਿਉ-ਧੀ ਦੀਆਂ ਲਾਸ਼ਾਂ

ਮਾਮਲੇ ਦੀ ਪੁਸ਼ਟੀ ਕਰਦਿਆਂ ਐਸ.ਪੀ ਫਗਵਾੜਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਮਰੀਕ ਚੁੰਬਰ ਅਤੇ ਰਾਜ ਰਾਣੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਪਿਉ-ਧੀ ਲੰਬੇ ਸਮੇਂ ਤੋਂ ਅਰਬਨ ਅਸਟੇਟ ਸਥਿਤ ਇੱਕ ਮਕਾਨ ਵਿੱਚ ਰਹਿ ਰਹੇ ਸਨ।ਐੱਸ.ਪੀ. ਨੇ ਦੱਸਿਆ ਕਿ ਘਰ ਦੀ ਜਾਂਚ ਕਰਨ ‘ਤੇ ਕੋਈ ਲੁੱਟ ਆਦਿ ਦੀ ਵਾਰਦਾਤ ਨਹੀਂ ਹੋਈ ਜਾਪਦੀ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਦੋਵਾਂ ਦੀ ਮੌਤ ਦਾ ਕਾਰਨ ਕੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਕੋਈ ਲਿਖਤੀ ਨੋਟ ਬਰਾਮਦ ਨਹੀਂ ਕੀਤਾ।ਇਸ ਦੌਰਾਨ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਜ ਰਾਣੀ ਦਾ ਵਿਆਹ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਸ ਦੇ ਕੋਈ ਬੱਚਾ ਨਹੀਂ ਹੋਇਆ। ਉਹ ਆਪਣੇ ਪਿਤਾ ਅਮਰੀਕ ਨਾਲ ਅਰਬਨ ਅਸਟੇਟ ਦੇ ਇੱਕ ਮਕਾਨ ਵਿੱਚ ਰਹਿ ਰਹੀ ਸੀ। ਇਸ ਘਰ ਵਿੱਚ ਉਸ ਦੀ ਮਾਂ ਵੀ ਰਹਿੰਦੀ ਹੈ ਅਤੇ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਮ੍ਰਿਤਕ ਅਮਰੀਕ ਦਾ ਲੜਕਾ ਅਤੇ ਦੂਜੀ ਬੇਟੀ ਵਿਦੇਸ਼ ‘ਚ ਰਹਿੰਦੇ ਹਨ। ਖ਼ਬਰ ਲਿਖੇ ਜਾਣ ਤੱਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਲੋਕਾਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ।