ਅੱਜ ਜਲੰਧਰ ‘ਚ ਇਹ ਦੁਕਾਨਾਂ ਰਹਿਣਗੀਆਂ ਬੰਦ, DC ਨੇ ਜਾਰੀ ਕੀਤੇ ਹੁਕਮ
ਜਲੰਧਰ : ਜਲੰਧਰ ਦੇ ਲੋਕਾਂ ਲਈ ਅਹਿਮ ਖ਼ਬਰ ਹੈ। ਜ਼ਿਲ੍ਹਾ ਮੈਜਿਸਟਰੇਟ ਸਪੈਸ਼ਲ ਸਾਰੰਗਲ ਨੇ ਜ਼ਿਲ੍ਹੇ ਵਿੱਚ ਮੀਟ ਅਤੇ ਆਂਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਦਰਅਸਲ, ਜੈਨ ਮਹਾਪਰਵ ਸੰਵਤਸਰੀ ਦੇ ਸਬੰਧ ਵਿੱਚ 19 ਸਤੰਬਰ ਨੂੰ ਜਾਬਤਾ ਫੌਜਦਾਰੀ ਜ਼ਾਬਤਾ-1973 ਦੀ ਧਾਰਾ 144 ਤਹਿਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਾਰੇ ਮੀਟ ਅਤੇ ਆਂਡੇ ਦੀਆਂ ਦੁਕਾਨਾਂ, ਸਟਾਲਾਂ ਅਤੇ ਬੁੱਚੜਖਾਨਿਆਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।ਡਿਪਟੀ ਕਮਿਸ਼ਨਰ ਨੇ ਹੁਕਮਾਂ ਵਿੱਚ ਕਿਹਾ ਕਿ ਇਸ ਦਿਨ ਹੋਟਲਾਂ, ਢਾਬਿਆਂ ਅਤੇ ਅਹਾਤਿਆਂ ਵਿੱਚ ਮੀਟ ਅਤੇ ਆਂਡੇ ਪਕਾਉਣ ਅਤੇ ਪਰੋਸਣ ‘ਤੇ ਮੁਕੰਮਲ ਪਾਬੰਦੀ ਰਹੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਵੱਖ-ਵੱਖ ਜੈਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਜੈਨ ਤਿਉਹਾਰ ਸੰਵਤਸਰੀ ਮੌਕੇ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੀ ਮੰਗ ਕੀਤੀ ਸੀ।