ਲੁਧਿਆਣਾ ‘ਚ ਬੈਂਕ ਮੈਨੇਜਰ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਲੁਧਿਆਣਾ: ਪੰਜਾਬ ਦੇ ਲੁਧਿਆਣਾ (Ludhiana) ਜ਼ਿਲ੍ਹੇ ਦੇ ਅਮਰਪੁਰਾ ਇਲਾਕੇ ਵਿੱਚ ਇੱਕ ਸਰਕਾਰੀ ਬੈਂਕ ਮੈਨੇਜਰ (Bank manager) ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਹੈ। ਮ੍ਰਿਤਕ ਦੇ ਸਰੀਰ ‘ਤੇ ਲੇਡੀਜ਼ ਅੰਡਰ ਗਾਰਮੈਂਟਸ ਪਹਿਨੇ ਹੋਏ ਸਨ। ਮ੍ਰਿਤਕ ਦੀ ਪਛਾਣ ਵਿਨੋਦ ਮਸੀਹ ਵਜੋਂ ਹੋਈ ਹੈ। ਮ੍ਰਿਤਕ ਪਿਛਲੇ ਕਰੀਬ ਇੱਕ ਸਾਲ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਅੱਜ ਸਵੇਰੇ ਜਦੋਂ ਉਹ ਕਮਰੇ ਤੋਂ ਬਾਹਰ ਨਹੀਂ ਆਇਆ ਤਾਂ ਮਕਾਨ ਮਾਲਕ ਨੇ ਉਸ ਦਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਨਾ ਖੁੱਲ੍ਹਣ ‘ਤੇ ਉਸ ਨੇ ਇਲਾਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਅਤੇ ਇਲਾਕੇ ਦੇ ਲੋਕਾਂ ਨੂੰ ਸੂਚਿਤ ਕੀਤਾ। ਥਾਣਾ ਡਵੀਜ਼ਨ ਨੰਬਰ ਦੋ ਦੇ ਐਸਐਚਓ ਅੰਮ੍ਰਿਤਪਾਲ ਸ਼ਰਮਾ ਮੌਕੇ ’ਤੇ ਪੁੱਜੇ। ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ।ਪੁਲਿਸ ਮੁਤਾਬਕ ਵਿਅਕਤੀ ਦੀ ਲਾਸ਼ ਦਰਵਾਜ਼ੇ ਨਾਲ ਲਟਕ ਰਹੀ ਸੀ। ਵਿਅਕਤੀ ਦੇ ਸਰੀਰ ‘ਤੇ ਲੇਡੀਜ਼ ਅੰਡਰ ਗਾਰਮੈਂਟਸ ਪਹਿਨੇ ਹੋਏ ਸਨ। ਮਾਮਲਾ ਸ਼ੱਕੀ ਹੋਣ ਕਾਰਨ ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਵਿਨੋਦ ਮੂਲ ਰੂਪ ਵਿੱਚ ਫਿਰੋਜ਼ਪੁਰ ਟਰੇਨ ਦੀ ਵਾਲੀ ਬਸਤੀ ਦਾ ਰਹਿਣ ਵਾਲਾ ਸੀ। ਵਿਨੋਦ ਦੇ 2 ਬੱਚੇ ਬੇਟਾ ਅਤੇ ਬੇਟੀ ਹਨ। ਦੱਸਿਆ ਜਾ ਰਿਹਾ ਹੈ ਕਿ ਵਿਨੋਦ ਸ਼ਾਦੀਸ਼ੁਦਾ ਹੈ। 3 ਦਿਨ ਪਹਿਲਾਂ ਵਿਨੋਦ ਦਾ ਜਨਮਦਿਨ ਸੀ। ਦੱਸਿਆ ਜਾ ਰਿਹਾ ਹੈ ਕਿ ਵਿਨੋਦ ਮਸੀਹ ਈਸਾ ਨਗਰੀ ਸਥਿਤ ਆਪਣੇ ਰਿਸ਼ਤੇਦਾਰ ਸੁਲੇਮਾਨ ਦੇ ਘਰ ਖਾਣਾ ਖਾਂਦਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।