ਅਮਨ ਅਰੋੜਾ ਵੱਲੋਂ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ‘ਚ ‘ਖੇਡਾਂ ਹਲਕਾ ਸੁਨਾਮ ਦੀਆਂ’ ਦਾ ਆਗ਼ਾਜ਼

ਚੰਡੀਗੜ੍ਹ, 4 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਛਪਾਈ ਤੇ ਸਟੇਸ਼ਨਰੀ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ‘ਖੇਡਾਂ ਹਲਕਾ ਸੁਨਾਮ ਦੀਆਂ’ ਦਾ ਉਦਘਾਟਨ ਕੀਤਾ। ਇਹ ਖੇਡਾਂ ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ, ਲੌਂਗੋਵਾਲ ਵਿਖੇ ਸ੍ਰੀ ਅਮਨ ਅਰੋੜਾ ਦੇ ਪਿਤਾ ਤੇ ਪੰਜਾਬ ਦੇ ਮਰਹੂਮ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਕਰਵਾਈਆਂ ਜਾ ਰਹੀਆਂ ਹਨ।ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਇੱਕੋ ਹਲਕੇ ਦੀਆਂ 207 ਟੀਮਾਂ, ਜਿਨ੍ਹਾਂ ਵਿੱਚ 2037 ਖਿਡਾਰੀ ਹਨ, ਕਿਸੇ ਪੇਂਡੂ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਹਨ। ਕੈਬਨਿਟ ਮੰਤਰੀ ਨੇ ਏਸ਼ੀਅਨ ਖੇਡਾਂ ਵਿੱਚੋਂ ਸੋਨ ਤਗ਼ਮਾ ਜੇਤੂ  ਕੌਮਾਂਤਰੀ ਮੁੱਕੇਬਾਜ਼ ਪਦਮਸ਼੍ਰੀ ਕੌਰ ਸਿੰਘ ਅਤੇ ਏਸ਼ੀਅਨ ਖੇਡਾਂ ਦੀ ਗੋਲਡ ਮੈਡਲਿਸਟ ਅਥਲੀਟ ਪਦਮਸ਼੍ਰੀ ਸੁਨੀਤਾ ਰਾਣੀ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ ਦੀਆਂ ਖੇਡਾਂ ਦੇ ਹੀਰੋ ਦੱਸਿਆ।ਉਨ੍ਹਾਂ ਨੇ ਵਾਲੀਬਾਲ (ਸ਼ੂਟਿੰਗ ਤੇ ਸਮੈਸ਼ਿੰਗ) ਅਤੇ ਰੱਸਾਕਸ਼ੀ ਦੀਆਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ, ਜੋ ਖੁਦ ਖੇਡ ਪ੍ਰੇਮੀ ਹਨ, ਦੀ ਵਚਨਬੱਧਤਾ ਅਨੁਸਾਰ ਜ਼ਮੀਨੀ ਪੱਧਰ ‘ਤੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਇਸ ਟੂਰਨਾਮੈਂਟ ਵਿੱਚ ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।ਸ੍ਰੀ ਅਮਨ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਸੁਨਾਮ ਹਲਕੇ ਵਿੱਚ ਚਲਾਏ ਜਾ ਰਹੇ ਪ੍ਰਾਜੈਕਟਾਂ ਬਾਰੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਦਾ ਅਤਿ-ਆਧੁਨਿਕ ਢਾਂਚਾ ਮੁਹੱਈਆ ਕਰਵਾਉਣ ਲਈ ਲੌਂਗੋਵਾਲ ਵਿਖੇ 3.97 ਕਰੋੜ ਰੁਪਏ ਦੀ ਲਾਗਤ ਨਾਲ ਸਟੇਡੀਅਮ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ, ਲੌਂਗੋਵਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਸੁਨਾਮ ਨੂੰ ਸਕੂਲ ਆਫ਼ ਐਮੀਨੈਂਸ ਵਿੱਚ ਤਬਦੀਲ ਕੀਤਾ ਜਾਵੇਗਾ। ਸਰਕਾਰੀ ਸਕੂਲ (ਲੜਕੀਆਂ), ਸੁਨਾਮ ਦੀਆਂ ਦੋ ਮੰਜ਼ਿਲਾਂ ਦੀ ਬਾਕੀ ਰਹਿੰਦੀ ਉਸਾਰੀ ਮੁਕੰਮਲ ਕਰਨ ’ਤੇ 3.62 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਨਾਲ ਹੀ ਬੱਸ ਸਟੈਂਡ ‘ਤੇ 1.31 ਕਰੋੜ ਰੁਪਏ ਖਰਚੇ ਜਾਣਗੇ ਅਤੇ 38 ਲੱਖ ਰੁਪਏ ਦੀ ਲਾਗਤ ਨਾਲ ਸਿਵਲ ਹਸਪਤਾਲ ਦੀ ਚਾਰਦੀਵਾਰੀ ਕਰਵਾਈ ਜਾਵੇਗੀ।ਕੈਬਨਿਟ ਮੰਤਰੀ ਨੇ ਦੱਸਿਆ ਕਿ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ‘ਖੇਡਾਂ ਹਲਕਾ ਸੁਨਾਮ ਦੀਆਂ’ ਦੇ ਬੈਨਰ ਹੇਠ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਸੁਨਾਮ ਸੁਪਰ ਲੀਗ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਪਿਛਲੇ ਇੱਕ ਦਹਾਕੇ ਤੋਂ ਲੋਕਾਂ ਦੀ ਭਲਾਈ ਲਈ ਮੈਡੀਕਲ ਕੈਂਪ ਅਤੇ ਹੋਰ ਸਮਾਜ ਸੇਵੀ ਕਾਰਜ ਕਰਦੀ ਆ ਰਹੀ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਮਾਨ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਵਿਚ ਛੁਪੀ ਖੇਡ ਪ੍ਰਤਿਭਾ ਦੀ ਪਛਾਣ ਕਰਨ ਅਤੇ ਸੂਬੇ ਵਿੱਚੋਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਤਿੰਨ ਮਹੀਨੇ ਚੱਲੇ ਖੇਡ ਮਹਾਂਕੁੰਭ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਤਿੰਨ ਲੱਖ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਸੀ। ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ‘ਖੇਡਾਂ ਹਲਕਾ ਸੁਨਾਮ ਦੀਆਂ’ ਟੂਰਨਾਮੈਂਟ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਖੇਡ ਕਿੱਟਾਂ ਵੀ ਦਿੱਤੀਆਂ ਜਾਣਗੀਆਂ।