ਮਾਨਸਿਕ ਤੌਰ ‘ਤੇ ਪ੍ਰੇਸ਼ਾਨ 27 ਸਾਲਾ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

ਭਵਾਨੀਗੜ੍ਹ : ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਝਨੇੜੀ ‘ਚ ਆਰਥਿਕ ਤੰਗੀ ਅਤੇ ਕਰਜ਼ੇ ਦੇ ਬੋਝ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ 27 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਦੇ ਪਤੀ ਮੇਜਰ ਸਿੰਘ ਝਨੇੜੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਦੇ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ਝਨੇੜੀ ਦੇ ਰਾਮਦਾਸੀਆਂ ਪਰਿਵਾਰ ਦੇ ਸੁਖਦੇਵ ਸਿੰਘ ਪੁੱਤਰ ਰਾਜ ਕੁਮਾਰ ਉਰਫ ਰਾਜੂ ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ, ਉਸ ਨੇ ਆਪਣੇ ਘਰ ‘ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਜਿਸ ਦਾ ਪਤਾ ਅੱਜ ਸਵੇਰੇ ਲੱਗਾ।ਉਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਸਿਰ 4 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਕਰਜ਼ੇ ਦੇ ਬੋਝ ਅਤੇ ਆਰਥਿਕ ਤੰਗੀ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਛੇ ਸਾਲ ਦੀ ਬੱਚੀ ਅਤੇ ਦੋ ਸਾਲ ਦਾ ਲੜਕਾ ਛੱਡ ਗਿਆ ਹੈ। ਇਸ ਸਮੇਂ ਸਮੂਹ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਮੁੱਚੀ ਇਕਾਈ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਦਾ ਸਾਰਾ ਕਰਜ਼ਾ ਮੁਆਫ਼ ਕਰਕੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।