ਪੰਜਾਬ ਦੇ ਮੁੱਖ ਮੰਤਰੀ ਹੁਣ 22 ਜੂਨ ਨੂੰ ਕਰਨਗੇ ਸੋਨੀਆ ਗਾਂਧੀ ਨਾਲ ਮੁਲਾਕਾਤ

ਜਲੰਧਰ  – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 20 ਦੀ ਬਜਾਏ 22 ਜੂਨ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਸੂਤਰਾਂ ਅਨੁਸਾਰ ਕੈਪਟਨ ਦਾ 20 ਜੂਨ ਨੂੰ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਸਿਰਫ ਮੀਡੀਆ ਦੇ ਇਕ ਵਰਗ ਵਿਚ ਕਿਹਾ ਜਾ ਰਿਹਾ ਸੀ ਕਿ ਉਹ ਤੇ ਹੋਰ ਕਾਂਗਰਸੀ ਨੇਤਾ 20 ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਵਾਲੇ ਹਨ। ਸੂਤਰਾਂ ਨੇ ਸਪਸ਼ਟ ਕੀਤਾ ਕਿ ਕੈਪਟਨ ਨੇ 22 ਜੂਨ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ।ਸੋਨੀਆ ਨਾਲ ਉਨ੍ਹਾਂ ਦੀ ਮੁਲਾਕਾਤ 22 ਨੂੰ ਹੁੰਦੀ ਹੈ ਜਾਂ 23 ਨੂੰ, ਇਸ ਬਾਰੇ 1-2 ਦਿਨਾਂ ’ਚ ਸਥਿਤੀ ਸਪਸ਼ਟ ਹੋਵੇਗੀ। ਸੋਮਵਾਰ ਨੂੰ ਮੁੱਖ ਮੰਤਰੀ ਨੇ ਚੰਡੀਗੜ੍ਹ ’ਚ ਸਰਕਾਰੀ ਬੈਠਕਾਂ ਰੱਖੀਆਂ ਹੋਈਆਂ ਹਨ। ਉਹ ਕਾਂਗਰਸ ਦੇ ਨਵੇਂ ਚੁਣੇ ਪ੍ਰਤੀਨਿਧੀਆਂ ਨਾਲ ਵੀ ਸੋਮਵਾਰ ਨੂੰ ਮੁਲਾਕਾਤ ਕਰਨਗੇ। ਇਸ ਲਈ ਮੰਗਲਵਾਰ 22 ਜੂਨ ਨੂੰ ਹੀ ਉਹ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋ ਸਕਣਗੇ।ਸੂਤਰਾਂ ਅਨੁਸਾਰ ਹੁਣ ਪੰਜਾਬ ਵਿਚ ਕਾਂਗਰਸ ਸਬੰਧੀ ਸੋਨੀਆ ਗਾਂਧੀ ਦਾ ਫੈਸਲਾ ਅਗਲੇ ਹਫਤੇ ਹੀ ਆਏਗਾ। 22 ਨੂੰ ਜੇ ਸੋਨੀਆ ਤੇ ਕੈਪਟਨ ਦਰਮਿਆਨ ਬੈਠਕ ਹੁੰਦੀ ਹੈ ਤਾਂ ਸੋਨੀਆ ਵੀ ਆਪਣਾ ਫੈਸਲਾ ਸੁਣਾਉਣ ’ਚ ਇਕ-ਦੋ ਦਿਨ ਦਾ ਸਮਾਂ ਲੈ ਸਕਦੀ ਹੈ। ਸੂਬੇ ਦੇ ਸਾਰੇ ਕਾਂਗਰਸੀਆਂ ਦੀਆਂ ਨਜ਼ਰਾਂ ਸੋਨੀਆ ਵਲੋਂ ਲਏ ਜਾਣ ਵਾਲੇ ਫੈਸਲੇ ਵੱਲ ਟਿਕੀਆਂ ਹੋਈਆਂ ਹਨ। ਕਾਂਗਰਸ ਲੀਡਰਸ਼ਿਪ ਦਾ ਫੈਸਲਾ ਆਉਣ ਤੋਂ ਬਾਅਦ ਹੀ ਸੂਬੇ ਵਿਚ ਪਾਰਟੀ ਅੰਦਰ ਸਥਿਰਤਾ ਦਾ ਮਾਹੌਲ ਬਣ ਸਕੇਗਾ।