ਕੇਂਦਰੀ ਜੇਲ੍ਹ ਪਟਿਆਲਾ ਨੂੰ ਲੈਕੇ ਵੱਡੀ ਖ਼ਬਰ ਆਈ ਸਾਹਮਣੇ

ਪਟਿਆਲਾ (ਅਮਰਜੀਤ ਸਿੰਘ): ਕੇਂਦਰੀ ਜੇਲ੍ਹ ਪਟਿਆਲਾ ਵਿਚੋਂ 27-28 ਅਪਰੈਲ ਦੀ ਰਾਤ ਨੂੰ ਫਰਾਰ ਹੋਏ ਤਿੰਨ ਕੈਦੀਆਂ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਅਤੇ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦਾ ਸਾਹਮਣਾ ਕਰਨ ਵਾਲਿਆਂ ਵਿੱਚ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ (ਲਾਈਟ ਡਿਊਟੀ ਅਫਸਰ), ਸਹਾਇਕ ਸੁਪਰਡੈਂਟ ਤਰਲੋਚਨ ਸਿੰਘ (ਵਾਰਡ ਇੰਚਾਰਜ) ਅਤੇ ਜੇਲ੍ਹ ਵਾਰਡਨ ਸੰਤ ਸਿੰਘ (ਨਾਈਟ ਡਿਊਟੀ) ਸ਼ਾਮਲ ਹਨ। ਮੁਅੱਤਲੀ ਦੀ ਕਾਰਵਾਈ ਆਈ.ਜੀ (ਜੇਲ੍ਹਾਂ) ਆਰ.ਕੇ ਅਰੋੜਾ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ।ਚੇਤੇ ਰਹੇ ਕਿ 27-28 ਅਪਰੈਲ ਦੀ ਰਾਤ ਨੂੰ ਫਰਾਰ ਹੋਏ ਕੈਦੀਆਂ ’ਚ ਯੂਕੇ ਤੋਂ ਲਿਆਂਦਾ ਗਿਆ ਅੰਮ੍ਰਿਤਸਰ ਜ਼ਿਲ੍ਹੇ ਦਾ ਸ਼ੇਰ ਸਿੰਘ ਵੀ ਸ਼ਾਮਲ ਹੈ, ਜਿਸ ਨੂੰ ਕਤਲ ਮਾਮਲੇ ਵਿਚ ਯੂਕੇ ਦੀ ਅਦਾਲਤ ਵਲੋਂ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਨਸ਼ਾ ਤਸਕਰੀ ਦੇ ਕੇਸ ਵਿੱਚ ਸਜ਼ਾ ਕੱਟ ਰਹੇ ਇੰਦਰਜੀਤ ਧਿਆਨਾ ਨਾਲ ਫ਼ਰਾਰ ਹੋ ਗਿਆ ਸੀ। ਧਿਆਨੇ ਨੂੰ ਹਾਲਾਂਕਿ ਹਫਤੇ ਮਗਰੋਂ ਪਟਿਆਲਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਜਦਕਿ ਬਾਕੀ ਦੋਵਾਂ ਦੀ ਅਜੇ ਵੀ ਤਲਾਸ਼ ਜਾਰੀ ਹੈ।