ਆਰਥਿਕ ਤੰਗੀ ਕਾਰਨ ਕਿਸਾਨ ਨੇ ਕੀਤੀ ਆਤਮ ਹੱਤਿਆ

ਨਾਭਾ: ਪੰਜਾਬ ਸਰਕਾਰ ਵਲੋਂ ਕਰਜ਼ਾ ਮੁਆਫੀ ਦੇ ਦਾਅਵੇ ਜ਼ਮੀਨੀ ਪੱਧਰ ‘ਤੇ ਬਿਲਕੁਲ ਖੋਖਲੇ ਸਾਬਤ ਹੋ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਨਾਭਾ ਵਿੱਚ ਵੇਖਣ ਨੂੰ ਮਿਲੀ ਜਦੋਂ ਲੱਧਹੇੜੀ ਪਿੰਡ ਵਿੱਚ ਇੱਕ ਕਿਸਾਨ ਨੇ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਪਿੰਡ ਵਿੱਚ ਰਹਿੰਦੇ ਮ੍ਰਿਤਕ ਕਿਸਾਨ ਧਰਮਜੀਤ ਸਿੰਘ ਦੇ ਦਸ ਵਿੱਘੇ ਜ਼ਮੀਨ ਵਿਕ ਗਈ ਅਤੇ ਡੇਢ ਲੱਖ ਦਾ ਕਰਜ਼ਾ ਵੀ ਉਸ ਦੇ ਸਿਰ ’ਤੇ ਚੜ੍ਹ ਗਿਆ ਸੀ।ਇਸ ਆਰਥਿਕ ਮੰਦੀ ਦੇ ਕਾਰਨ ਕਿਸਾਨ ਨੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੇਟੀਆਂ ਛੱਡ ਗਿਆ ਹੈ। ਮ੍ਰਿਤਕ ਦਾ ਪਰਿਵਾਰ ਬੁਰੀ ਹਾਲਤ ਵਿੱਚ ਹੈ। ਦੂਜੇ ਪਾਸੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਮੌਕੇ ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਦਾ ਡੇਢ ਲੱਖ ਦੇ ਕਰੀਬ ਕਰਜ਼ਾ ਸੀ ਅਤੇ ਜੋ ਜ਼ਮੀਨ ਸੀ ਉਹ ਸਭ ਵੇਚੀ ਗਈ ਸੀ। ਉਸਨੇ ਦੱਸਿਆ ਕਿ ਇਸ ਤੋਂ ਪ੍ਰੇਸ਼ਾਨ ਹੋ ਕੇ ਧਰਮਜੀਤ ਨੇ ਖੁਦਕੁਸ਼ੀ ਕਰ ਲਈ। ਫਿਲਹਾਲ ਪੀੜਤ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।