ਕਿਸਾਨ ਜੱਥੇਬੰਦੀਆਂ ਨੇ ਅਡਾਨੀ ਸਾਈਲੋ ਪਲਾਂਟ ਵਿਖੇ ਰੋਕੀ ਮਾਲ ਗੱਡੀ

ਮੋਗਾ: ਮੋਗਾ ਦੇ ਪਿੰਡ ਡਗਰੂ ਵਿੱਚ ਕਿਸਾਨਾਂ ਨੇ ਅਡਾਨੀ ਦੇ ਸਾਈਲੋ ਪਲਾਂਟ ਤੋਂ ਆ ਰਹੀ ਮਾਲ ਗੱਡੀ ਨੂੰ ਰੋਕ ਲਿਆ। ਜਿਵੇਂ ਹੀ ਕਿਸਾਨਾਂ ਨੂੰ ਪਤਾ ਲੱਗਿਆ ਕਿ ਸਿਲੋ ਪਲਾਂਟ ਤੋਂ ਮਾਲ ਗੱਡੀ ‘ਚ ਕਣਕ ਲੱਦ ਰਹੀ ਹੈ, ਉਹ ਸਰਗਰਮ ਹੋ ਗਏ ਅਤੇ ਰੇਲਵੇ ਟ੍ਰੈਕ ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਕਣਕ ਨੂੰ ਬਿਹਾਰ ਲਿਜਾਇਆ ਜਾਣਾ ਸੀ। ਫਿਲਹਾਲ ਕਿਸਾਨ ਟਰੈਕ ‘ਤੇ ਜੰਮ ਗਏ ਹਨ। ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।ਡੀ.ਐੱਸ.ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਦੱਸਿਆ ਕਿ ਅਡਾਨੀ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਸਮਝੌਤਾ ਕੀਤਾ ਹੈ, ਜੋ ਮਾਲ ਇਸ ਸਮੇਂ ਅਡਾਨੀ ਦੇ ਗੁਦਾਮ ਵਿੱਚ ਹੈ, ਉਸ ਨੂੰ ਤਬਦੀਲ ਕੀਤਾ ਜਾਣਾ ਹੈ। ਜਦ ਤੱਕ ਅੰਦੋਲਨ ਬਾਰੇ ਕੋਈ ਫੈਸਲਾ ਨਹੀਂ ਹੁੰਦਾ, ਇੱਥੇ ਨਵਾਂ ਮਾਲ ਸਟੋਰ ਨਹੀਂ ਕੀਤਾ ਜਾਵੇਗਾ। ਹਾਲਾਂਕਿ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਕਿਸੇ ਕਿਸਮ ਦੀ ਜਾਣਕਾਰੀ ਨਹੀਂ ਮਿਲੀ ਹੈ, ਜੇਕਰ ਉਨ੍ਹਾਂ ਨੂੰ ਜਾਣਕਾਰੀ ਮਿਲਦੀ ਹੈ ਤਾਂ ਉਹ ਰੇਲਗੱਡੀ ਨੂੰ ਚੱਲਣ ਦੇਣਗੇ।