ਕੈਬਨਿਟ ਮੰਤਰੀ ਧਰਮਸੋਤ ਨੇ ਹਲਕੇ ਦੇ ਪਿੰਡਾਂ ‘ਚ ਕੀਤੇ ਵਿਕਾਸ ਕਾਰਜਾਂ ਦੇ ਉਦਘਾਟਨ

ਨਾਭਾ: ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਹਲਕੇ ਦੇ ਪਿੰਡ ਭੋਜੋਮਾਜਰੀ ਵਿਖੇ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ । ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੰਤਰੀ ਧਰਮਸੋਤ ਨੇ ਕਿਹਾ ਕਿ ਨਾਭਾ ਹਲਕੇ ਦੇ ਪਿੰਡਾਂ ਚ ਵਿਕਾਸ ਕਾਰਜਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੋ ਪਿੰਡ ਦੀ ਪੰਚਾਇਤ ਵੱਲੋਂ ਸਪੋਰਟਸ ਕੋਰਟ ਅਤੇ ਕੂੜੇ ਤੋਂ ਖਾਦ ਬਣਾਉਣ ਲਈ ਡੰਪ ਤਿਆਰ ਕੀਤਾ ਗਿਆ ਹੈ ਉਹ ਬਹੁਤ ਹੀ ਵਧੀਆ ਤੇ ਸਲਾਹੁਣਯੋਗ ਉਪਰਾਲਾ ਹੈ।ਮੰਤਰੀ ਨੇ ਕਿਹਾ ਕਿ ਜੋ ਕੂੜੇ ਤੋਂ ਖਾਦ ਬਣਾਉਣ ਲਈ ਉਪਰਾਲਾ ਕੀਤਾ ਗਿਆ ਹੈ ਉਸ ਨਾਲ ਜਿੱਥੇ ਪਿੰਡ ਵਾਸੀ ਬੀਮਾਰੀਆਂ ਤੋਂ ਬਚਣਗੇ । ਉਥੇ ਜੋ ਪੰਚਾਇਤ ਵੱਲੋਂ ਓਪਨ ਸਪੋਰਟਸ ਕੋਰਟ ਬਣਾਇਆ ਗਿਆ ਤੇ ਬੱਚਿਆਂ ਦੇ ਖੇਡਣ ਲਈ ਪਾਰਕ ਬਣਾਇਆ ਗਿਆ, ਉਸ ਨਾਲ ਸਿਹਤ ਵੀ ਤੰਦਰੁਸਤ ਰਹੇਗੀ ।ਪਿੰਡ ਦੇ ਨੌਜਵਾਨ ਪੰਚ ਸੁਖਰਾਜ ਸਿੰਘ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਗਰਾਂਟ ਮੁਹੱਈਆ ਕਰਵਾਈ ਜਿਸ ਸਦਕਾ ਇਹ ਵਿਕਾਸ ਕਾਰਜ ਪੂਰੇ ਹੋਏ ਹਨ।ਜਦੋਂਕਿ ਸੰਮਤੀ ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ ਨੇ ਪਿੰਡ ਦੀ ਪੰਚਾਇਤ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਭੋਜੋਮਾਜਰੀ ਦੇ ਨਾਲ ਨਾਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਹਲਕੇ ਦੇ ਦਰਜਨਾਂ ਪਿੰਡਾਂ ਵਿਚ ਇਸੇ ਤਰ੍ਹਾਂ ਦੇ ਕਾਰਜ ਕਰਵਾਏ ਜਾ ਰਹੇ ਹਨ ਜੋ ਕਿ ਸਲਾਹੁਣਯੋਗ ਹਨ।