ਟਰੈਕਟਰ ਰੈਲੀ ‘ਚ ਗੜਬੜ ਕਰਨ ਲਈ PAK ਨੇ ਬਣਾਏ 300 ਤੋਂ ਵੱਧ ਟਵਿੱਟਰ ਅਕਾਊਟ

ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦਾ ਅੰਦੋਲਨ ਨੂੰ 60ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਯਾਨੀ ਕਿ ਅੰਦੋਲਨ ਨੂੰ ਪੂਰੇ ਦੋ ਮਹੀਨੇ ਹੋ ਗਏ ਹਨ। ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਡਟੇ ਹੋਏ ਹਨ। 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਦਿੱਲੀ ’ਚ ਟਰੈਕਟਰ ਰੈਲੀ ਕੱਢੀ ਜਾਵੇਗੀ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਕਿਸਾਨਾਂ ਦੀ ਟਰੈਕਟਰ ਪਰੇਡ 26 ਜਨਵਰੀ ਨੂੰ ਗਣਤੰਤਰ ਦਿਵਸ ਸੰਪੰਨ ਹੋਣ ਮਗਰੋਂ 3 ਰੂਟਾਂ ’ਤੇ ਸਖ਼ਤ ਸੁਰੱਖਿਆ ਵਿੱਚ ਹੋਵੇਗੀ। ਇਸ ਦਾ ਰੂਟ ਪਲਾਨ ਤੈਅ ਕਰਕੇ ਕਿਸਾਨਾਂ ਨਾਲ ਸਾਂਝਾ ਕਰ ਲਿਆ ਗਿਆ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਪੁਲੀਸ (ਇੰਟੈਲੀਜੈਂਸ) ਦੇ ਵਿਸ਼ੇਸ਼ ਕਮਿਸ਼ਨਰ ਦੀਪਕ ਪਾਠਕ ਨੇ ਕਿਹਾ ਕਿ ਤਿੰਨ ਰੂਟਾਂ ਵਿੱਚ ਟਿਕਰੀ ਬਾਰਡਰ ’ਤੇ 63 ਕਿਲੋਮੀਟਰ ਦੇ ਰੂਟ ‘ਤੇ ਪਰੇਡ ਹੋਵੇਗੀ,ਜਦ ਕਿ ਸਿੰਘੂ ਬਾਰਡਰ ਤੋਂ ਇਹ 62 ਕਿਲੋਮੀਟਰ ਤੇ ਗਾਜ਼ੀਪੁਰ ਬਾਰਡਰ ਤੋਂ ਇਹ 46 ਕਿਲੋਮੀਟਰ ਤੱਕ ਟਰੈਕਟਰ ਪਰੇਡ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪਰੇਡ ਵਿੱਚ ਹਿੰਸਾ ਭੜਕਾਉਣ ਲਈ ਪਾਕਿਸਤਾਨ ਸਾਜ਼ਿਸ ਰਚ ਰਿਹਾ ਹੈ ਅਤੇ 13 ਤੋਂ 18 ਜਨਵਰੀ ਤੱਕ 300 ਤੋਂ ਵੱਧ ਟਵਿੱਟਰ ਅਕਾਊਂਟ ਬਣਾਏ ਗਏ ਹਨ।ਇਸ ਲਈ ਪੁਲੀਸ ਚੌਕਸ ਹੈ। ਪੁਲਿਸ ਮੁਤਾਬਕ ਪਰੇਡ ਵਿੱਚ ਸ਼ਾਮਲ ਟਰੈਕਟਰਾਂ ਦੀ ਗਿਣਤੀ ਭਲਕੇ ਸੋਮਵਾਰ ਨੂੰ ਕੀਤੀ ਜਾਵੇਗੀ।