ਸਿੱਖ ਕਤਲੇਆਮ: ਕਮਲ ਨਾਥ ਖ਼ਿਲਾਫ਼ ਕੇਸ ਵਧੇਰੇ ਮਜ਼ਬੂਤ: ਫੂਲਕਾ

ਸੀਨੀਅਰ ਕਾਂਗਰਸੀ ਆਗੂ ਕਮਲਨਾਥ ਨੂੰ ਡਰਾਉਣ ਲਈ ਪੁਰਾਣੇ ਭੂਤ ਪਰਤ ਆਏ ਹਨ। 1984 ਸਿੱਖ ਵਿਰੋਧੀ ਦੰਗਾ ਪੀੜਤਾਂ ਦੇ ਇਨਸਾਫ ਦੀ ਲੜਾਈ ਲੜ ਰਹੇ ਕਾਨੂੰਨੀ ਮਾਹਿਰਾਂ ਨੇ ਅੱਜ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਖ਼ਿਲਾਫ਼ ਕੇਸ ‘ਬਹੁਤ ਮਜ਼ਬੂਤ ਹੈ। ਸਿੱਖ ਵਿਰੋਧੀ ਦੰਗਿਆਂ ਦਾ ਕੇਸ ਲੜ ਰਹੇ ਵਕੀਲ ਐੱਚ ਐੱਸ ਫੂਲਕਾ ਨੇ ਅੱਜ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ‘‘ ਕਾਂਗਰਸੀ ਆਗੂ ਕਮਲਨਾਥ ਖਿਲਾਫ਼ ਕੇਸ ਸੱਜਣ ਕੁਮਾਰ ਨਾਲੋਂ ਮਜ਼ਬੂਤ ਹੈ। ਇਸ ਦਾ ਕਾਰਨ ਇਹ ਹੈ ਕਿ ਸੱਜਣ ਕੁਮਾਰ ਤੇ ਹੋਰਨਾਂ ਨੇ ਨਵੰਬਰ 1 ਅਤੇ 2 ਨੂੰ ਦਿੱਲੀ ਵਿੱਚ ਆਪਣੀ ਮੌਜੂਦਗੀ ਤੋਂ ਇਨਕਾਰ ਕੀਤਾ ਸੀ ਜਦੋਂ ਇਕੋ ਪਰਿਵਾਰ ਦੇ ਪੰਜ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ ਜਦੋਂ ਕਿ ਕਮਲਨਾਥ ਨੇ 1 ਨਵੰਬਰ, 1984 ਵਿੱਚ ਗੁਰਦੁਆਰਾ ਰਕਾਬਗੰਜ ਵਿੱਚ ਆਪਣੀ ਮੌਜੂਦਗੀ ਮੰਨੀ ਹੈ। ਉਸ ਦਿਨ ਦੋ ਦਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਤੇ ਫਿਰਕੂ ਭੀੜ ਨੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਸੀ।’’ ਸ੍ਰੀ ਫੂਲਕਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਇਸ ਮਾਮਲੇ ਦੇ ਦੋ ਚਸ਼ਮਦੀਦਾਂ ਨੇ ਕਮਲ ਨਾਥ ਖਿਲਾਫ਼ ਕੇਂਦਰੀ ਵਿਸ਼ੇਸ਼ ਜਾਂਚ ਟੀਮ ਨੂੰ ਲਿੱਖ ਕੇ ਬਿਆਨ ਲੈਣ ਦੀ ਇੱਛਾ ਜਤਾਈ ਹੈ। ਚਸ਼ਮਦੀਦਾਂ ਵਿੱਚ ਸੰਜੇ ਸੂਰੀ ਸ਼ਾਮਲ ਹਨ ਜੋ ਸਿੱਖਾਂ ਦੇ ਕਤਲੇਆਮ ਦੌਰਾਨ ‘ਇੰਡੀਅਨ ਐਕਸਪ੍ਰੈਸ’ ਵਿੱਚ ਪੱਤਰਕਾਰ ਸਨ। ਦੋ ਸਿੱਖਾਂ ਨੂੰ ਜ਼ਿੰਦਾ ਸਾੜੇ ਜਾਣ ਦੇ ਮਾਮਲੇ ਵਿੱਚ ਕਮਲਨਾਥ ਮੁਲਜ਼ਮ ਹਨ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਭੀੜ ਨੂੰ ਭੜਕਾਇਆ ਸੀ। ਦੂਜੇ ਪਾਸੇ, ਕਮਲ ਨਾਥ ਦਾ ਕਹਿਣਾ ਹੈ ਕਿ ਉਹ ਉਸ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀਆਂ ਹਦਾਇਤਾਂ ’ਤੇ ਦੰਗਾਕਾਰੀਆਂ ਨੂੰ ਸ਼ਾਂਤ ਕਰਨ ਲਈ ਗੁਰਦੁਆਰੇ ਵਿੱਚ ਸੀ। ਕਾਬਿਲੇਗੌਰ ਹੈ ਕਿ ਨਾਨਾਵਤੀ ਕਮਿਸ਼ਨ ਜਿਸ ਨੇ 1984 ਕਤਲੇਆਮ ਦੇ ਤਿੰਨ ਮਾਮਲਿਆਂ ਦੀ ਮੁੜ ਜਾਂਚ ਦੇ ਹੁਕਮ ਦਿੱਤੇ ਹਨ ਨੇ ਗੁਰਦੁਆਰਾ ਰਕਾਬਗੰਜ ਮਾਮਲੇ ਵਿੱਚ ਕਮਲ ਨਾਥ ਨੂੰ ਸ਼ੱਕ ਦੇ ਅਧਾਰ ’ਤੇ ਬਰੀ ਕਰ ਦਿੱਤਾ ਸੀ। ਸ੍ਰੀ ਫੂਲਕਾ ਨੇ ਅੱਜ ਕਿਹਾ, ‘‘ਨਾਨਾਵਤੀ ਕਮਿਸ਼ਨ ਨੇ ਕੇਸ ਮਜ਼ਬੂਤ ਹੋਣ ਦੇ ਬਾਵਜੂਦ ਸ਼ੱਕ ਦੇ ਅਧਾਰ ’ਤੇ ਕਮਲ ਨਾਥ ਨੂੰ ਬਰੀ ਕੀਤਾ ਸੀ। ਪੁਲੀਸ ਰਿਕਾਰਡ ਵਿੱਚ ਦਰਜ ਹੈ ਕਿ ਘਟਨਾ ਵੇਲੇ ਕਮਲਨਾਥ ਗੁਰਦੁਆਰੇ ਵਿੱਚ ਮੌਜੂਦ ਸੀ। ’’ ਵਕੀਲ ਕਾਮਨਾ ਵੋਹਰਾ ਨੇ ਕਿਹਾ ਕਿ ਕਮਲ ਨਾਥ ਖਿਲਾਫ਼ ਕੇਸ ਮਜ਼ਬੂਤ ਹੈ ਕਿਉਂਕਿ ਗਵਾਹ ਆਪਣੇ ਬਿਆਨ ਦਰਜ ਕਰਾਉਣਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਹਲਫਨਾਮੇ ਦਿੱਤੇ ਹਨ।