ਪਿਤਾ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਸਿੱਖ ਮਹਿਲਾ ਨੇ ਸਿਰ ਮੁਨਵਾਇਆ

ਸਾਬਕਾ ਸਰਕਾਰੀ ਮੁਲਾਜ਼ਮ ਜੋਗਿੰਦਰ ਸਿੰਘ ਬੱਤਰਾ (82) ਲਗਪਗ 25 ਦਿਨ ਪਹਿਲਾਂ ਝਾਂਸੀ ਦੇ ਸੁੰਦਰ ਵਿਹਾਰ ਵਿਚਲੇ ਆਪਣੇ ਘਰ ਦੇ ਮਗਰਲੇ ਹਿੱਸੇ ’ਚ ਭੇਤਭਰੀ ਹਾਲਤ ਵਿੱਚ ਮ੍ਰਿਤ ਮਿਲਿਆ ਸੀ। ਜੋਗਿੰਦਰ ਸਿੰਘ ਦੀ ਧੀ ਪੁਨੀਤ ਸਿੰਘ (44) ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਗੁਆਂਢ ’ਚ ਰਹਿੰਦੇ ਖੰਡੇਲਵਾਲ ਪਰਿਵਾਰ ’ਤੇ ਪਿਤਾ ਦਾ ਕਤਲ ਕਰਨ ਦਾ ਸ਼ੱਕ ਪ੍ਰਗਟਾਇਆ ਸੀ। ਝਾਂਸੀ ਪੁਲੀਸ ਨੇ ਜਦੋਂ ਉਹਦੀ ਸ਼ਿਕਾਇਤ ’ਤੇ ਕੋਈ ਗੌਰ ਨਾ ਕੀਤੀ ਤਾਂ ਉਸ ਨੇ ਰੋਸ ਵਜੋਂ ਆਪਣਾ ਸਿਰ ਮੁੰਨਵਾ ਲਿਆ। ਪੁਨੀਤ ਨੇ ਕਿਹਾ ਕਿ ਜਦੋਂ ਤਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਹ ਆਪਣੇ ਸਿਰ ’ਤੇ ਕੇਸ ਨਹੀਂ ਰੱਖੇਗੀ। ਇਸ ਦੌਰਾਨ ਉੱਤਰ ਪ੍ਰਦੇਸ਼ ਘੱਟਗਿਣਤੀ ਕਮਿਸ਼ਨ ਨੇ ਝਾਂਸੀ ਦੇ ਐੇਸਐਸਪੀ ਤੋਂ ਦੋ ਦਿਨਾਂ ’ਚ ਰਿਪੋਰਟ ਤਲਬ ਕਰ ਲਈ ਹੈ। ਝਾਂਸੀ ਵਿੱਚ ਬੋਲਣ ਤੇ ਸੁਣਨ ਤੋਂ ਅਸਮਰੱਥ ਲੋਕਾਂ ਲਈ ਮਲਟੀ ਸਕਿੱਲ ਸੈਂਟਰ ਚਲਾਉਂਦੀ ਪੁਨੀਤ ਨੇ ਐਫ਼ਆਈਆਰ ਵਿੱਚ ਆਪਣੀ ਗੁਆਂਢੀ ਵੀਰੇਂਦਰ ਖੰਡੇਲਵਾਲ ਤੇ ਉਹਦੇ ਪੁੱਤ ਰਾਜੀਵ ਦਾ ਨਾਂ ਲਿਖਵਾਇਆ ਹੈ