ਕਰਤਾਰਪੁਰ ਲਾਂਘਾ: ਪਾਕਿ ਹਰ ਸ਼ਰਧਾਲੂ ਤੋਂ ਵਸੂਲੇਗਾ 20 ਡਾਲਰ

ਪਾਕਿਸਤਾਨ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਹ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਹਰੇਕ ਸ਼ਰਧਾਲੂ ਤੋਂ 20 ਡਾਲਰ ਦੀ ਫੀਸ ਵਸੂਲੇਗਾ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਰੱਖ ਰਖਾਅ ਨੂੰ ਦੇਖਦਿਆਂ ਫੀਸ ਵਸੂਲਣ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਫ਼ੈਸਲ ਤੋਂ ਕਰਤਾਰਪੁਰ ਲਾਂਘੇ ਲਈ ਸੇਵਾ ਫੀਸ ਵਜੋਂ 20 ਡਾਲਰ ਵਸੂਲਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਸਰਕਾਰ ਨੇ ਲਾਂਘਾ ਤਿਆਰ ਕਰਨ ਲਈ ਭਾਰੀ ਖ਼ਰਚਾ ਕੀਤਾ ਹੈ ਅਤੇ ਉਸ ਦੀ ਭਰਪਾਈ ਲਈ ਇਹ ਕਦਮ ਉਠਾਇਆ ਜਾਵੇਗਾ। ਫ਼ੈਸਲ ਮੁਤਾਬਕ ਸ਼ਰਧਾਲੂਆਂ ਨੂੰ ਵਧੀਆ ਸਹੂਲਤਾਂ ਦੇਣ ਲਈ ਇਹ ਫੀਸ ਰੱਖੀ ਗਈ ਹੈ। ‘ਮੈਂ ਦੱਸਣਾ ਚਾਹਾਂਗਾ ਕਿ ਇਸ ਨਿਗੂਣੀ ਫੀਸ ਨਾਲ ਪਾਕਿਸਤਾਨ ਸਰਕਾਰ ਵੱਲੋਂ ਖ਼ਰਚੀ ਗਈ ਰਕਮ ਦਾ ਥੋੜਾ ਜਿਹਾ ਹਿੱਸਾ ਵੀ ਪੂਰਾ ਨਹੀਂ ਹੋਣਾ ਹੈ।’’